ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਜ਼ਿਲ੍ਹਾ ਯੂਨਿਟ ਕੀਤੇ ਜਾਣਗੇ ਸਥਾਪਤ-ਪਰਵਿੰਦਰ ਕੌਰ ਬੰਗਾ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਜ਼ਿਲ੍ਹਾ ਯੂਨਿਟ ਕੀਤੇ ਜਾਣਗੇ ਸਥਾਪਤ-ਪਰਵਿੰਦਰ ਕੌਰ ਬੰਗਾ

ਐੱਨਆਰਆਈ ਸਭਾ ਪੰਜਾਬ ਦੇ ਬੰਦ ਪਏ ਜ਼ਿਲ੍ਹਾ ਯੂਨਿਟਾਂ ਦੀ 14 ਸਾਲ ਬਾਅਦ ਮੁੜ ਸੁਰਜੀਤੀ ਦਾ ਰਾਹ ਖੁੱਲ੍ਹਆ ਹੈ। ਸਭਾ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਤੇ ਸੀਨੀਅਰ ਵਾਈਸ ਪ੍ਰਧਾਨ ਸਤਨਾਮ ਸਿੰਘ ਚਾਨਾ ਦੀ ਅਗਵਾਈ ਹੇਠ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਜ਼ਿਲ੍ਹਾ ਯੂਨਿਟਾਂ ਦੇ ਗਠਨ ਦੇ ਨਾਲ ਹੀ ਪਰਵਾਸੀ ਭਾਰਤੀਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ’ਚ ਜ਼ਿਲ੍ਹਾ ਯੂਨਿਟ ਸਥਾਪਤ ਕੀਤੇ ਜਾ ਰਹੇ ਹਨ। ਹਾਲਾਂਕਿ ਸਭਾ ਵੱਲੋਂ ਪੁਰਾਣੇ ਜ਼ਿਲ੍ਹਾ ਯੂਨਿਟਾਂ ਦੇ ਆਡਿਟ ’ਚ ਕਈ ਤਰ੍ਹਾਂ ਦੀਆ ਫੰਡਾਂ ਤੇ ਸੰਚਾਲਨ ਨਾਲ ਸਬੰਧਤ ਬੇਨਿਯਮੀਆਂ ਸਾਹਮਣੇ ਆਈਆਂ ਹਨ। ਸਭਾ ਵੱਲੋਂ ਇਨ੍ਹਾਂ ਬੇਨਿਯਮੀਆਂ ਤੇ ਫੰਡਾਂ ਦੀ ਦੁਰਵਰਤੋਂ ਬਾਰੇ ਵੀ ਗੰਭੀਰਤਾ ਨਾਲ ਜਾਂਚ ਕਰਵਾਈ ਜਾ ਰਹੀ ਹੈ। ਪ੍ਰਧਾਨ ਬੰਗਾ ਨੇ ਕਿਹਾ ਕਿ ਸਭਾ ਦੇ ਮੁੱਖ ਦਫਤਰ ਦਾ ਪ੍ਰਬੰਧ ਠੀਕ ਕਰਨ ਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਤੋਂ ਬਾਅਦ ਹੁਣ ਉਨ੍ਹਾਂ ਨੇ ਜ਼ਿਲ੍ਹਾ ਪੱਧਰ ’ਤੇ ਗਠਿਤ ਯੂਨਿਟਾਂ ਨੂੰ ਸਰਗਰਮ ਕਰਨ ਲਈ ਪ੍ਰਕਿਰਿਆ ਆਰੰਭੀ ਹੈ। ਜ਼ਿਲ੍ਹਾ ਯੂਨਿਟਾਂ ਦੇ ਆਡਿਟ ਦੌਰਾਨ ਵੱਡੇ ਪੱਧਰ ’ਤੇ ਫੰਡਾਂ ਦੀ ਦੁਰਵਰਤੋਂ ਹੋਣ ਬਾਰੇ ਖੁਲਾਸੇ ਹੋਏ ਹਨ। ਇਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ, ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਐੱਨਆਰਆਈ ਸਭਾ ਪੰਜਾਬ ਦੇ ਹੋਂਦ ਵਿਚ ਆਉਣ ਦੇ ਨਾਲ ਹੀ ਜ਼ਿਲ੍ਹਾ ਪੱਧਰੀ ਐੱਨਆਰਆਈ ਸਭਾਵਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ’ਚ ਪਰਵਾਸੀ ਪੰਜਾਬੀਆ ਦੀ ਗਿਣਤੀ ਵਧੇਰੇ ਸੀ। ਇਸ ਤਰ੍ਹਾਂ ਸੂਬੇ ਦੇ 14 ਜ਼ਿਲ੍ਹਿਆਂ ’ਚ ਐੱਨਆਰਆਈ ਸਭਾਵਾਂ ਦੇ ਜ਼ਿਲ੍ਹਾ ਪ੍ਰਧਾਨ ਵੀ ਬਣਾਏ ਜਾਂਦੇ ਰਹੇ ਸਨ ਪਰ 2011 ਤੋਂ ਬਾਅਦ ਜ਼ਿਲ੍ਹਾ ਯੂਨਿਟਾਂ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੀ ਨਹੀਂ ਕਰਵਾਈ। 14 ਸਾਲਾਂ ਦੇ ਇਸ ਵਕਫੇ ਦੌਰਾਨ ਐੱਨਆਰਆਈ ਸਭਾ ਪੰਜਾਬ ਦੇ ਚਾਰ ਪ੍ਰਧਾਨ ਬਣ ਚੁੱਕੇ ਸਨ ਪਰ ਜ਼ਿਲ੍ਹਾ ਇਕਾਈਆਂ ਦੇ ਗਠਨ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਸੀ। ਹੁਣ ਪਿਛਲੇ ਸਾਲ ਨਵੀਂ ਬਣੀ ਪ੍ਰਧਾਨ ਪਰਵਿੰਦਰ ਕੌਰ ਨੇ ਬੰਗਾ ਨੇ ਜ਼ਿਲ੍ਹਾ ਯੂਨਿਟਾਂ ਨੂੰ ਸਰਗਰਮ ਕਰਨ ਲਈ ਹੰਭਲਾ ਮਾਰਿਆ ਹੈ। ਐੱਨਆਰਆਈ ਸਭਾ ਪੰਜਾਬ ਵੱਲੋਂ ਪਹਿਲਾਂ ਬਣਾਏ ਗਏ ਸਭਾ ਦੇ 14 ਜ਼ਿਲ੍ਹਾ ਯੂਨਿਟਾਂ ਦੀ ਗਿਣਤੀ ਵਧਾ ਕੇ 18 ਕਰ ਦਿੱਤੀ ਗਈ ਹੈ। ਸਭਾ ਦੇ ਪਹਿਲਾਂ ਗਠਿਤ ਕੀਤੇ ਗਏ ਜ਼ਿਲ੍ਹਾ ਯੂਨਿਟਾਂ ’ਚ ਸ਼ਹੀਦ ਭਗਤ ਨਗਰ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਰੋਪੜ, ਮੋਹਾਲੀ, ਪਟਿਆਲਾ, ਸੰਗਰੂਰ ਤੇ ਬਰਨਾਲਾ ਸ਼ਾਮਲ ਸਨ।