ਸੀਆਈਏ ਸਟਾਫ ਦੀ ਪੁਲਿਸ ਨੇ ਕੋਰੀਅਰ ਰਾਹੀਂ ਕੈਨੇਡਾ ਅਫੀਮ ਭੇਜਣ ਦੇ ਮਾਮਲੇ ਵਿਚ 1 ਜਣੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਦੂਸਰੇ ਸਾਥੀ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਜਗਰਾਓਂ ਸਬ-ਡਵੀਜ਼ਨ ਦੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਅਤੇ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਜਗਰਾਓਂ ਪੁਲਿਸ ਨੂੰ ਸਥਾਨਕ ਕੋਰੀਅਰ ਸਰਵਿਸ ਸੈਂਟਰ ਤੋਂ ਇਕ ਜਣਾ ਜੋ ਆਪਣੇ-ਆਪ ਨੂੰ ਸਾਹਿਬ ਪੁੱਤਰ ਅਮਰੀਕ ਸਿੰਘ ਵਾਸੀ ਕਾਉਂਕੇ ਕਲਾਂ ਦੱਸਦਾ ਸੀ, ਕੈਨੇਡਾ ਲਈ ਜੱਸੀ ਗਿੱਲ ਦੇ ਨਾਂ ’ਤੇ ਕੋਰੀਅਰ ਭੇਜਦਾ ਆ ਰਿਹਾ ਹੈ। ਇਸ ਕੋਰੀਅਰ ਵਿਚ ਅਫੀਮ ਤੇ ਹੋਰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਭੇਜੇ ਜਾਣ ਦਾ ਖੁਲਾਸਾ ਹੋਣ ’ਤੇ ਜਗਰਾਓਂ ਸੀਆਈਏ ਸਟਾਫ ਦੇ ਐੱਸਆਈ ਅੰਗਰੇਜ਼ ਸਿੰਘ ਦੇ ਬਿਆਨਾਂ ’ਤੇ 11 ਮਾਰਚ ਨੂੰ ਮੁਕੱਦਮਾ ਦਰਜ ਕੀਤਾ ਗਿਆ।
ਖੁਫੀਆ ਸੂਤਰਾਂ ਰਾਹੀਂ ਜਾਣਕਾਰੀ ਮਿਲੀ ਕਿ ਕਾਰ ਚਾਲਕ ਜੋ ਕੋਰੀਅਰ ਰਾਹੀਂ ਕੈਨੇਡਾ ਅਫੀਮ ਭੇਜਦਾ ਹੈ, ਜਗਰਾਓਂ ਵਿਚੋਂ ਲੰਘ ਰਿਹਾ ਹੈ, ਜਿਸ ’ਤੇ ਸੀਆਈਏ ਦੀ ਪੁਲਿਸ ਨੇ ਕਾਰ ਚਾਲਕ ਨੂੰ ਬੱਸ ਅੱਡਾ ਚੌਕੀਮਾਨ ਨੇੜਿਓਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਚਾਲਕ ਦਾ ਅਸਲੀ ਨਾਂ ਕਿਰਪਾਲਜੀਤ ਸਿੰਘ ਵਿੱਕੀ ਪੁੱਤਰ ਲਖਵੀਰ ਸਿੰਘ ਵਾਸੀ ਹਾਂਸ ਕਲਾਂ ਪਾਇਆ ਗਿਆ ਹੈ।
ਤਲਾਸ਼ੀ ਲਈ ਤਾਂ ਕਾਰ ਵਿਚੋਂ 200 ਗ੍ਰਾਮ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਗ੍ਰਿਫਤਾਰ ਵਿੱਕੀ ਹਾਂਸ ਕਲਾਂ ਨੇ ਕੋਰੀਅਰ ਰਾਹੀਂ ਕੈਨੇਡਾ ਅਫੀਮ ਭੇਜਣ ਦੇ ਮਾਮਲੇ ਵਿਚ ਉਸ ਦੇ ਇਕ ਹੋਰ ਸਾਥੀ ਨਾਸਿਰ ਵਾਸੀ ਪੱਖੋਵਾਲ ਬਾਰੇ ਵੀ ਖੁਲਾਸਾ ਕੀਤਾ, ਜਿਸ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।