ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਵਿਦਿਆਰਥੀ ਲੈਣਗੇ ਡਵੀਜ਼ਨ ਪੱਧਰੀ ਮੁਕਾਬਲੇ ’ਚ ਹਿੱਸਾ
ਜਲੰਧਰ, ਐਚ ਐਸ ਚਾਵਲਾ।
ਜ਼ਿਲ੍ਹਾ ਬਾਲ ਭਲਾਈ ਕੌਂਸਲ, ਜਲੰਧਰ ਵੱਲੋਂ ਕੌਮੀ ਪੇਂਟਿੰਗ ਮੁਕਾਬਲਾ-2022 ਤਹਿਤ ਮੰਗਲਵਾਰ ਨੂੰ ਸਥਾਨਕ ਰੈਡ ਕਰਾਸ ਭਵਨ ਵਿਖੇ 5 ਤੋਂ 18 ਸਾਲ ਉਮਰ ਵਰਗ ਦੇ ਵਿਦਿਆਰਥੀਆਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਚਾਰ ਗਰੁੱਪਾਂ ’ਚ 36 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ SDM ਜਲੰਧਰ-1 ਜੈ ਇੰਦਰ ਸਿੰਘ ਨੇ ਬੱਚਿਆਂ ਨੂੰ ਅਜਿਹੀਆਂ ਵੱਧ ਤੋਂ ਵੱਧ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਮੁਕਾਬਲਿਆਂ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਅੰਦਰਲੀ ਪ੍ਰਤਿਭਾ ਨੂੰ ਹੋਰ ਨਿਖਾਰਣ ਵਿੱਚ ਸਹਾਈ ਹੁੰਦੇ ਹਨ।
ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਵਾਈਟ ਗਰੁੱਪ ਵਿੱਚ ਇਨੋਸੈਂਟ ਹਾਰਟ ਸਕੂਲ ਗ੍ਰੀਨ ਮਾਡਲ ਟਾਊਨ ਜਲੰਧਰ ਦੀ ਸ੍ਰਿਸ਼ਟੀ ਅਹੂਜਾ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਮਹਿਰਪ੍ਰੀਤ ਕੌਰ ਨੇ ਦੂਜਾ ਅਤੇ ਐਮ.ਜੀ.ਐਨ. ਪਬਲਿਕ ਸਕੂਲ ਜਲੰਧਰ ਦੀ ਜਾਨੀਆ ਵਧਵਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗ੍ਰੀਨ ਗਰੁੱਪ ਵਿੱਚ ਇਨੋਸੈਂਟ ਹਾਰਟ ਸਕੂਲ ਗ੍ਰੀਨ ਮਾਡਲ ਟਾਊਨ ਦੀ ਨਵਿਆ ਭੱਲਾ ਪਹਿਲੇ, ਐਮ.ਜੀ.ਐਨ. ਪਬਲਿਕ ਸਕੂਲ ਆਦਰਸ਼ ਨਗਰ ਦੀ ਭਵਨੀਤ ਕੌਰ ਚਾਹਲ ਦੂਜੇ ਅਤੇ ਇਨੋਸੈਂਟ ਹਾਰਟ ਸਕੂਲ ਗ੍ਰੀਨ ਮਾਡਲ ਟਾਊਨ ਦੀ ਪ੍ਰਭਸਿਮਰਨ ਕੌਰ ਤੀਜੇ ਸਥਾਨ ’ਤੇ ਰਹੀ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮੁਕਾਬਲੇ ਵਿੱਚ ਯੈਲੋ ਗਰੁੱਪ ਵਿੱਚ ਖੋਸਲਾ ਡੈਫ ਸਕੂਲ ਜਲੰਧਰ ਦੇ ਅਮਨਾਹ ਨੇ ਪਹਿਲਾ ਜਦਕਿ ਰੈਡ ਕਰਾਸ ਸਕੂਲ ਫਾਰ ਡੈਫ ਦੇ ਅਵੇਸ਼ ਮਿਸ਼ਰਾ ਅਤੇ ਅਭੈ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੈਡ ਗਰੁੱਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਜਲੰਧਰ ਦੀ ਰੇਨੂੰ ਕਸ਼ਯਪ ਪਹਿਲੇ, ਰੈਡ ਕਰਾਸ ਸਕੂਲ ਫਾਰ ਡੈਫ ਦੀ ਸਪਨਾ ਦੂਜੇ ਅਤੇ ਖੋਸਲਾ ਡੈਫ ਸਕੂਲ ਦੀ ਲਵਿਸ਼ਾ ਤੀਜੇ ਸਥਾਨ ’ਤੇ ਰਹੀ। ਸਰੀਰਕ ਤੌਰ ’ਤੇ ਦਿਵਿਆਂਗ ਬੱਚਿਆਂ ਦੇ ਵਰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਦਮਨ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਦੇ ਸਮਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਾਨਸਿਕ ਤੌਰ ’ਤੇ ਦਿਵਿਆਂਗ ਬੱਚਿਆਂ ਦੇ ਵਰਗ ‘ਚੋਂ ਪਰਿਯਾਸ ਸਕੂਲ ਜਲੰਧਰ ਦੇ ਰਾਹੁਲ ਨੇ ਪਹਿਲਾ ਅਤੇ ਇਸੇ ਸਕੂਲ ਦੇ ਅੰਕਿਤ ਨੇ ਦੂਜਾ ਜਦਕਿ ਵਜਰਾ ਆਸ਼ਾ ਸਕੂਲ ਜਲੰਧਰ ਕੈਂਟ ਦੇ ਹਰਸ਼ਿਤ ਟੰਡਨ ਨੇ ਤੀਜਾ ਸਥਾਨ ਹਾਸਲ ਕੀਤਾ।
SDM ਜੈ ਇੰਦਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਦਾ ਇਨਾਮਾਂ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਜਲੰਧਰ ਦੇ ਪੰਜਾਬ ਪੱਧਰ ’ਤੇ ਕੌਮੀ ਪੇਂਟਿੰਗ ਮੁਕਾਬਲੇ-2021 ਦੇ ਜੇਤੂ ਪੰਜ ਵਿਦਿਆਰਥੀਆਂ ਨੂੰ ਵੀ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਕੌਂਸਲ ਦੀ ਆਨਰੇਰੀ ਸਕੱਤਰ ਰੰਜਨਾ ਬਾਂਸਲ ਨੇ ਦੱਸਿਆ ਕਿ ਹੈ ਕਿ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀ ਡਵੀਜ਼ਨ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਸ ਮੌਕੇ ਸਕੱਤਰ ਰੈਡ ਕਰਾਸ ਸੁਸਾਇਟੀ ਇੰਦਰਦੇਵ ਸਿੰਘ ਮਿਨਹਾਸ, ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਮੈਂਬਰ ਵੀਨੂੰ ਕੰਬੋਜ, ਗੁਰਦੇਵ ਕੌਰ ਸੰਘਾ, ਪਰਮਿੰਦਰ ਬੇਰੀ, ਕਿਮੀ ਜੁਨੇਜਾ, ਸੁਮਨ ਸਰੀਨ, ਨੀਰੂ ਸਹਿਗਲ, ਚਿਤਰਾ ਆਨੰਦ ਸਮੇਤ ਸਾਰੇ ਮੈਂਬਰ ਮੌਜੂਦ ਸਨ।