ਕੁਝ ਲੋਕਾਂ ਦੀਆਂ ਤਰਜੀਹਾਂ ਉਨ੍ਹਾਂ ਦੀ ਸਰੀਰਕ ਦਿੱਖ ਮੁਤਾਬਿਕ ਵੀ ਤੈਅ ਹੋ ਜਾਂਦੀਆਂ ਹਨ। ਅਜਿਹਾ ਹੀ ਕੁਝ ਹੋਇਆ ਰਾਜਸਥਾਨ ਦੇ ਇਕ ਨੌਜਵਾਨ ਨਾਲ, ਜਿਸ ਦਾ ਕੱਦ ਸਿਰਫ਼ 3 ਫੁੱਟ ਹੈ। ਉਸ ਨੂੰ ਆਪਣੇ ਲਈ ਇੰਨੇ ਹੀ ਕੱਦ ਦੀ ਵਹੁਟੀ ਚਾਹੀਦੀ ਸੀ ਅਤੇ ਉਹ ਉਸ ਨੂੰ ਮਿਲ ਵੀ ਗਈ।
ਕਹਿੰਦੇ ਹਨ ਕਿ ਜੋੜੀਆਂ ਰੱਬ ਬਣਾ ਕੇ ਭੇਜਦਾ ਹੈ। ਤੁਹਾਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਹੋਵੇਗਾ। ਇਸ ਜੋੜੀ ਦਾ ਵਿਆਹ ਰਾਜਸਥਾਨ ਦੇ ਜੋਧਪੁਰ ’ਚ ਹੋਇਆ, ਜਿਨ੍ਹਾਂ ਦੀਆਂ ਤਸਵੀਰਾਂ ਇਸ ਵੇਲੇ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਜੋ ਵੀ ਇਸ ਜੋੜੀ ਨੂੰ ਵੇਖਦਾ ਹੈ, ਉਸ ਦਾ ਇਹੀ ਕਹਿਣਾ ਹੈ ਕਿ ਰੱਬ ਸਾਰਿਆਂ ਲਈ ਕੋਈ ਨਾ ਕੋਈ ਚੁਣ ਕੇ ਰੱਖਦਾ ਹੈ।
ਵੈਸੇ ਤਾਂ ਵਿਆਹ ਆਮ ਵਿਆਹਾਂ ਵਾਂਗ ਹੀ ਸ਼ਾਨਦਾਰ ਤਰੀਕੇ ਨਾਲ ਸੰਪੰਨ ਹੋਇਆ ਪਰ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦਿਆਂ ਜ਼ਿਆਦਾ ਦੇਰ ਨਹੀਂ ਲਗੀ। 3 ਫੁੱਟ ਦਾ ਲਾੜਾ ਰਿਸ਼ਭ ਆਪਣੀ ਇੰਨੇ ਹੀ ਕੱਦ ਵਾਲੀ ਲਾੜੀ ਨਾਲ ਸਟੇਜ ’ਤੇ ਨਜ਼ਰ ਆਇਆ।
ਦੋਵੇਂ ਹੀ ਪੜ੍ਹੇ ਲਿਖੇ ਹਨ। ਰਿਸ਼ਭ ਜਿੱਥੇ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਹੈ, ਉੱਥੇ ਹੀ ਲਾੜੀ ਐੱਮ. ਬੀ. ਏ. ਦੀ ਪੜ੍ਹਾਈ ਪੂਰੀ ਕਰ ਚੁੱਕੀ ਹੈ। ਜਦੋਂ ਦੋਵੇਂ ਸਟੇਜ ’ਤੇ ਪਹੁੰਚੇ ਤਾਂ ਲੋਕਾਂ ਨੇ ਤਾੜੀਆਂ ਅਤੇ ਸੀਟੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।