
ਇਸ ਵੇਲੇ ਅਹਿਮ ਗੱਲ਼ ਇਹ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਨੇ ਵੀ 15 ਲੱਖ ਤੋਂ ਵੱਧ ਮੈਂਬਰਸ਼ਿਪ ਪੂਰੀ ਕਰ ਲਈ ਹੈ ਤੇ ਅਗਲੇ ਦਿਨਾਂ ਅੰਦਰ ਸੱਤ ਲੱਖ ਹੋਰ ਭਰਤੀ ਹੋਣ ਦਾ ਦਾਅਵਾ ਕੀਤਾ ਹੈ। ਉਧਰ, ਬਾਗੀ ਧੜੇ ਨੇ ਸਪਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਹ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਹੀਂ ਕਬੂਲਣਗੇ ਤੇ ਪੰਥਕ ਧਿਰਾਂ ਨੂੰ ਇੱਕਜੁਟ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣਗੇ। ਇਸ ਮੌਕੇ ਉਨ੍ਹਾਂ ਵੱਲੋਂ ਅਕਾਲੀ ਦਲ ਵੱਲੋਂ ਕੀਤੀ ਭਰਤੀ ਨੂੰ ਬੋਗਸ ਦੱਸਿਆ ਹੈ।
ਇਸ ਨੂੰ ਲੈ ਕੇ ਚਰਨਜੀਤ ਸਿੰਘ ਬਰਾੜ ਨੇ 2 ਦਸੰਬਰ ਵਾਲਾ ਹੁਕਮਨਾਮਾ ਸਾਂਝਾ ਕਰਦਿਆਂ ਲਿਖਿਆ, ਸੰਗਤ ਖੁਦ ਆਪ ਪੜ੍ਹ ਕੇ ਫੈਸਲਾ ਕਰੇ ਕਿ ਇਹ ਨਿਗਰਾਨ ਕਮੇਟੀ ਹੈ ਜਾ ਭਰਤੀ ਕਮੇਟੀ ? ਦੂਸਰਾ ਝੂਠ ਬੋਲਦੇ ਹਨ ਕਿ ਪੰਜ ਮੈਂਬਰੀ ਭਰਤੀ ਕਮੇਟੀ ਵਾਲਿਆਂ ਦੇ ਨਾਮ ਕਿੱਥੇ ਹਨ ਇਹ ਵੀ ਸੰਗਤ ਜੀ ਪੜ ਕੇ ਉਹਨਾਂ ਨੂੰ ਦੱਸਿਓ ਜੀ। ਸੁਖਬੀਰ ਧੜੇ ਦੀ ਭਰਤੀ ਕਿਉਂ ਬੋਗਸ ਕਿਉਂ ਹੈ ?
ਸੰਗਤ ਜੀ ਪੜੋ ਕਿ ਭਰਤੀ ਅਧਾਰ ਕਾਰਡ ਲੈ ਕੈ ਫਿਰ ਕਰਨੀ ਸੀ ਇਹਨਾਂ ਨਹੀ ਲਏ ਇਸ ਲਈ ਬੋਗਸ ਹੈ। ਇੱਕ ਧੜਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਾ ਸਾਹਿਬ ਸੰਬੰਧੀ ਕੂੜ ਪ੍ਰਚਾਰ ਕਰ ਸਿਆਸਤ ਖੇਡ ਰਿਹਾ ਹੈ। ਅਸੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ਣ ਤੇ ਸਹੀ ਦਿਸ਼ਾ ਵਿੱਚ ਚੱਲ ਸਕਣ। 2 ਦਿਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਕਾਪੀ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ ਸਾਫ਼ ਸਾਫ ਭਰਤੀ ਸ਼ੁਰੂ ਕਰਨ ਦੇ ਹੁਕਮ ਕੀਤੇ ਗਏ ਹਨ
ਇਸ ਹੁਕਮਾਨੇ ਵਿੱਚ ਲਿਖਿਆ ਗਿਆ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਈ। ਜਿਸ ਵਿਚ ਪੰਜ ਸਿੰਘ ਸਾਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਦੇਸ਼ ਕੀਤੇ ਗਏ ਹਨ:-
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਨ੍ਹਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ। ਇਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ। ਭਰਤੀ ਬੋਗਸ ਨਾ ਹੋਵੇ, ਅਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ । ਪੁਰਾਣੇ ਡੈਲੀਗੇਟ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ ਛੇ ਮਹੀਨੇ ਦੇ ਅੰਦਰ-ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਿਕ ਕਰਨ। ਇਸ ਕਮੇਟੀ ਵਿਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਹਨ:-
ਹਰਜਿੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਇਸ ਕਮੇਟੀ ਦੇ ਮੁਖੀ ਹੋਣਗੇ।
ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਇਕਬਾਲ ਸਿੰਘ ਝੂੰਦਾ
ਗੁਰਪ੍ਰਤਾਪ ਸਿੰਘ ਵਡਾਲਾ
ਮਨਪ੍ਰੀਤ ਸਿੰਘ ਇਆਲੀ
ਸੰਤਾ ਸਿੰਘ ਉਮੈਦਪੁਰੀ
ਬੀਬੀ ਸਤਵੰਤ ਕੌਰ ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਦੀ ਪ੍ਰਧਾਨ ਵਜੋਂ ਮੁੜ ਚੋਣ ਕਰਨ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਸਿਰੋਪਾ ਦਿੱਤੇ ਜਾਣ ਤੋਂ ਬਾਅਦ ਸਵਾਲ ਖੜ੍ਹੇ ਹੋ ਰਹੇ ਹਨ ਕਿ ਦੋ ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਕਮੇਟੀ ਦਾ ਭਵਿੱਖ ਕੀ ਹੋਏਗਾ। ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਭਰਤੀ ਕਮੇਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਾਰੀ ਰਹੇਗੀ। ਭਰਤੀ ਕਮੇਟੀ ਨੇ ਸੰਭਾਵਨਾ ਪ੍ਰਗਟਾਈ ਕਿ ਇਹ ਮੁਹਿੰਮ ਜੂਨ ਮਹੀਨੇ ਤੱਕ ਮੁਕੰਮਲ ਹੋ ਜਾਵੇਗੀ ਤੇ ਇਸ ਤੋਂ ਬਾਅਦ ਇਸ ਮਾਮਲੇ ਵਿੱਚ ਅਕਾਲ ਤਖ਼ਤ ਤੋਂ ਅਗਲੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਕੁਝ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕਰਨ ਲਈ ਪੰਥ ਪ੍ਰਵਾਨਿਤ ਅਜਿਹੀ ਵੱਡੀ ਜਥੇਬੰਦੀ ਦੀ ਲੋੜ ਹੈ, ਜਿਸ ਮੰਚ ’ਤੇ ਸਮੁੱਚਾ ਸਿੱਖ ਜਗਤ ਇਕੱਠਾ ਹੋਵੇ।