
ਬੱਸ ਡਰਾਈਵਰ ਸੁਖਚੈਨ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। ਦਰਅਸਲ, ਕੱਲ੍ਹ ਰਾਜਸਥਾਨ ਦੇ ਗੁਰਦੁਆਰਾ ਸ੍ਰੀ ਬੁਢਾ ਜੌੜ ਸਾਹਿਬ ਤੋਂ ਚੰਡੀਗੜ੍ਹ ਵਾਪਸ ਆ ਰਹੀ ਬੱਸ ਵਿੱਚ ਭਗਵੰਤ ਸਿੰਘ ਨਾਮ ਦਾ ਇਕ ਵਿਅਕਤੀ ਆਪਣਾ ਬੈਗ ਭੁੱਲ ਗਿਆ ਸੀ ਜਿਸ ਵਿਚ 4 ਲੱਖ 30 ਹਜ਼ਾਰ ਰੁਪਏ ਸੀ।
ਜਦ ਇਹ ਬੱਸ ਚੰਡੀਗੜ੍ਹ ਪਹੁੰਚੀ ਤਾਂ ਭਗਵੰਤ ਸਿੰਘ ਉਸ ਬੱਸ ਵਿੱਚੋਂ ਉਤਰ ਕੇ ਦੂਜੀ ਬੱਸ ਵਿੱਚ ਬੈਠ ਕੇ ਆਪਣੇ ਘਰ ਭਵਾਨੀਗੜ੍ਹ ਵਿਖੇ ਪਹੁੰਚ ਗਿਆ। ਜਦੋਂ ਭਗਵੰਤ ਸਿੰਘ ਨੂੰ ਪਤਾ ਲੱਗਾ ਕਿ ਉਸ ਦਾ ਬੈਗ ਨਹੀਂ ਹੈ ਤਾਂ ਉਹ ਪਟਿਆਲਾ ਪਹੁੰਚੇ ਜਿੱਥੇ ਉਨ੍ਹਾਂ ਦੇ ਵੱਲੋਂ ਚੰਡੀਗੜ੍ਹ ਡਿੱਪੂ ਵਿਚ ਬੱਸ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ।
ਬੱਸ ਡਰਾਈਵਰ ਨੇ ਅੱਜ ਪਟਿਆਲਾ ਪਹੁੰਚ ਕੇ ਬੈਗ ਵਾਪਸ ਕਰ ਦਿੱਤਾ। ਇਨ੍ਹਾਂ ਪੈਸਿਆਂ ਦੇ ਨਾਲ ਭਗਵੰਤ ਸਿੰਘ ਨੇ ਨਵਾਂ ਟਰੈਕਟਰ ਲੈਣਾ ਸੀ। ਗੱਲਬਾਤ ਦੌਰਾਨ ਭਗਵੰਤ ਸਿੰਘ ਨੇ ਕਿਹਾ ਕਿ ਇਹ ਮੇਰੀ ਵੱਡੀ ਲਾਪਰਵਾਹੀ ਸੀ ਜੋ ਕਿ ਮੈਂ ਪੈਸੇ ਬੱਸ ਵਿੱਚ ਭੁੱਲ ਗਿਆ ਪਰ ਮੈਂ ਬੱਸ ਡਰਾਈਵਰ ਸੁਖਚੈਨ ਸਿੰਘ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ।








