
ਮਾਨਸਾ ਤੋਂ ਹਰਿਆਣਾ ਦੇ ਟੋਹਾਣਾ ’ਚ ਗਏ ਅਮਰਵੀਰ ਨੂੰ ਫਤਿਹਾਬਾਦ ਅਦਾਲਤ ਨੇ ਬਲਾਤਕਾਰ ਮਾਮਲੇ ’ਚ 14 ਸਾਲ ਦੀ ਸਜ਼ਾ ਸੁਣਾਈ ਹੈ। ਉਸ ਨੂੰ ‘ਜਲੇਬੀ ਬਾਬਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ’ਤੇ ਕਈ ਲੜਕੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹਨ। ਉਸ ਖ਼ਿਲਾਫ਼ 6 ਔਰਤਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਚ ਇਕ ਨਾਬਾਲਗਾ ਵੀ ਸ਼ਾਮਲ ਸੀ।
ਝਾੜ-ਫੂਕ ਦੀ ਆੜ ’ਚ ਉਹ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ, ਜਿਸ ਦੌਰਾਨ ਉਨ੍ਹਾਂ ਦੀ ਵੀਡੀਓ ਵੀ ਬਣਾਉਂਦਾ ਸੀ। 2018 ’ਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਜ਼ਮਾਨਤ ਦਾ ਵੀ ਕਾਫ਼ੀ ਯਤਨ ਕੀਤਾ ਪਰ ਸਫ਼ਲਤਾ ਨਹੀਂ ਮਿਲੀ। ਇਸ ਤੋਂ ਇਲਾਵਾ 2017 ’ਚ ਵੀ ਇਕ ਔਰਤ ਨੇ ਝਾੜ-ਫੂਕ ਦੇ ਬਹਾਨੇ ਬਲਾਤਕਾਰ ਦਾ ਦੋਸ਼ ਲਾਇਆ ਸੀ ਪਰ ਬਾਬੇ ਦੀ ਧੀ ਨੇ ਆ ਕੇ ਉਸ ਨੂੰ ਬਚਾਅ ਲਿਆ ਪਰ 2018 ’ਚ ਬਾਬੇ ਦੇ ਕਾਲੇ ਕਾਰਨਾਮੇ ਸਾਹਮਣੇ ਆਏ ਤਾਂ ਉਸ ਦੀ ਧੀ ਵੀ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਉਸ ਦੇ ਬੱਚੇ ਪੰਜਾਬ ਆ ਕੇ ਰਹਿਣ ਲੱਗੇ ਤਾਂ ਔਰਤਾਂ ਡੇਰੇ ’ਚ ਰਹਿਣ ਲੱਗੀਆਂ, ਜੋ ਬਾਬੇ ਲਈ ਔਰਤਾਂ ਨੂੰ ਫਸਾਉਣ ਦਾ ਕੰਮ ਕਰਦੀਆਂ ਸਨ।








