CM Mann ਦੀ ਕਥਿਤ ਵੀਡੀਓ ਮਾਮਲਾ : ਪੁਲਿਸ ਨੇ 2 ਨੌਜਵਾਨਾਂ ਖਿਲਾਫ਼ ਦਰਜ ਕੀਤੀ FIR
CM Bhagwant Mann's alleged video case: Gurugram Police registers FIR against 2 youths

ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੇ ਕਥਿਤ ਵਿਵਾਦਤ ਵੀਡੀਓ ਦੀ ਜਾਂਚ ਦੇ ਮਾਮਲੇ ਵਿੱਚ ਗੁਰੂਗ੍ਰਾਮ ਪੁਲਿਸ ਨੇ ਅੰਕਿਤ ਤੇ ਅਰੁਣ ਨਾਮ ਦੇ ਦੋ ਵਿਅਕਤੀਆਂ ਖਿਲਾਫ਼ FIR ਰਜ ਕੀਤੀ ਹੈ। ਇਸ FIR ਵਿੱਚ ਹਰਿਆਣਾ ਦੇ ਜੀੰਦ ਅਤੇ ਸਿਰਸਾ ਦੇ ਦੋ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। FIR ਵਿੱਚ ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਮਾਂ ਦਾ ਵੀ ਜ਼ਿਕਰ ਹੈ।
ਜਾਣਕਾਰੀ ਅਨੁਸਾਰ ਲੈਬ ਮਾਲਕ ਜਸਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਹੈ। ਵਾਇਰਲ ਵੀਡੀਓ ਦੀ ਜਾਅਲੀ ਰਿਪੋਰਟ ਤਿਆਰ ਕਰਵਾਉਣ ਦਾ ਇਲਜ਼ਾਮ ਲਾਇਆ ਗਿਆ ਹੈ। ਜਸਪ੍ਰੀਤ ਸਿੰਘ ਨੇ ਪੰਜਾਬ ਦੇ ਉਚ ਅਧਿਕਾਰੀਆਂ ਵੱਲੋਂ 10 ਲੱਖ ਰੁਪਏ ਰਿਸ਼ਵਤ ਦੇਣ ਬਾਰੇ ਵੀ ਗੱਲ ਕਹੀ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਤੇ ਪਰਿਵਾਰ ਨੂੰ ਸੁਰੱਖਿਆ ਮੁਹਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਦੋ ਦਿਨ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਗੁਰੂਗ੍ਰਾਮ ਦੀ ਇੱਕ ਲੈਬ ਨੇ CM ਨਾਲ ਜੁੜੇ ਕਥਿਤ ਵੀਡੀਓ ਬਾਰੇ ਝੂਠੀ ਫੋਰੈਂਸਿਕ ਰਿਪੋਰਟ ਤਿਆਰ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਗੁਰੂਗ੍ਰਾਮ ਪੁਲਿਸ ਨੇ ਲੈਬ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਹਾਲਾਂਕਿ ਪੁਲਿਸ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ।
CM ਨਾਲ ਜੁੜੇ ਵੀਡੀਓ ਦੀ ਜਾਂਚ ਲਈ ਸਮੱਗਰੀ ਦਿੱਤੀ ਗਈ
ਜਸਪ੍ਰੀਤ ਨੇ FIR ਵਿੱਚ ਦੱਸਿਆ ਕਿ ਉਹ ਫੋਰੈਂਸਿਕ ਅਤੇ ਸਾਇਬਰ ਤਕਨੀਕੀ ਕੰਮਾਂ ਨਾਲ ਜੁੜੇ ਹੋਏ ਹਨ ਅਤੇ ਡਿਜ਼ੀਟਲ ਸਬੂਤਾਂ ਅਤੇ ਇਲੈਕਟ੍ਰਾਨਿਕ ਡਾਟਾ ਦੇ ਵਿਸ਼ਲੇਸ਼ਣ ਦੇ ਖੇਤਰ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੇ ਇੱਕ ਵਿਵਾਦਤ ਵੀਡੀਓ ਦੀ ਜਾਂਚ ਲਈ ਕੁਝ ਇਲੈਕਟ੍ਰਾਨਿਕ ਸਮੱਗਰੀ ਸੌਂਪੀ ਗਈ ਸੀ।
ਡੀਪਫੇਕ ਜਾਂਚ ਕਰਨ ਲਈ ਕਿਹਾ ਗਿਆ
ਜਸਪ੍ਰੀਤ ਦੇ ਅਨੁਸਾਰ ਸਮੱਗਰੀ ਦੀ ਜਾਂਚ ਤੋਂ ਬਾਅਦ ਉਨ੍ਹਾਂ ਆਪਣੀ ਪੇਸ਼ੇਵਰ ਰਾਏ ਦਿੱਤੀ ਕਿ ਵੀਡੀਓ ਦੀ ਗੁਣਵੱਤਾ ਇੰਨੀ ਨਹੀਂ ਸੀ ਕਿ ਉਸ ‘ਤੇ ਕੋਈ ਭਰੋਸੇਯੋਗ ਵਿਗਿਆਨਕ ਨਤੀਜਾ ਕੱਢਿਆ ਜਾ ਸਕੇ ਜਾਂ ਪੱਕਾ ਡੀਪਫੇਕ ਟੈਸਟ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਸ ਤਰ੍ਹਾਂ ਦੀ ਕੋਈ ਅਧਿਕਾਰਕ ਜਾਂ ਪ੍ਰਮਾਣਿਤ ਮਾਹਿਰ ਰਿਪੋਰਟ ਦੇਣ ਲਈ ਅਧਿਕਾਰਤ ਨਹੀਂ ਹਨ।
ਫਰਜ਼ੀ ਰਿਪੋਰਟ ਬਣਾਉਣ ਲਈ ਦਬਾਅ ਪਾਇਆ ਗਿਆ
ਜਸਪ੍ਰੀਤ ਨੇ ਆਰੋਪ ਲਗਾਇਆ ਕਿ ਜਦੋਂ ਉਨ੍ਹਾਂ ਮਨਮਰਜ਼ੀ ਦੀ ਰਿਪੋਰਟ ਦੇਣ ਤੋਂ ਇਨਕਾਰ ਕੀਤਾ ਤਾਂ ਪੰਜਾਬ ਸਰਕਾਰ ਦੇ ਕੁਝ ਸੀਨੀਅਰ ਅਧਿਕਾਰੀਆਂ ਅਤੇ ਹੋਰ ਲੋਕਾਂ ਵੱਲੋਂ ਉਨ੍ਹਾਂ ‘ਤੇ ਦਬਾਅ ਬਣਾਇਆ ਗਿਆ। ਉਨ੍ਹਾਂ ਨੂੰ ਧਮਕਾਇਆ ਗਿਆ ਅਤੇ ਕਥਿਤ ਤੌਰ ‘ਤੇ ਫਰਜ਼ੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਮਜਬੂਰ ਕੀਤਾ ਗਿਆ।










