HealthJalandharPunjabReligious

”ਆਪ” ਆਗੂ ”ਤੇ ਬੇਅਦਬੀ ਦੀ ਕੋਸ਼ਿਸ਼ ਦੇ ਲੱਗੇ ਦੋਸ਼, ਸੰਗਤ ਚ ਭਾਰੀ ਰੋਸ

AAP leader accused of attempted sacrilege, huge protest in Sangat

AAP leader accused of attempted sacrilege, huge protest in Sangat

ਹਲਕਾ ਸਾਹਨੇਵਾਲ ਅਧੀਨ ਆਉਣ ਵਾਲੇ ਪਿੰਡ ਭਾਮੀਆਂ ਕਲਾਂ ’ਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਚੇਅਰਮੈਨ ਅਤੇ ਪਿੰਡ ਦੇ ਸਰਪੰਚ ਨੇ ਜ਼ਬਰਦਸਤੀ ਗੁਰਦੁਆਰਾ ਸਾਹਿਬ ’ਚ ਅੰਦਰ ਦਾਖ਼ਲ ਹੋ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇਲਾਕੇ ’ਚ ਤਣਾਅ ਦਾ ਮਾਹੌਲ ਬਣ ਗਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਮ ਸਿੰਘ, ਜਨਰਲ ਸੈਕਟਰੀ ਜਗਤਾਰ ਸਿੰਘ, ਕੈਸ਼ੀਅਰ ਨਿਰਮਲ ਸਿੰਘ ਨਿੰਮਾ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਬਲਾਕ ਸੰਮਤੀ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਅਤੇ ਸਰਪੰਚ ਪਰਮਿੰਦਰ ਸਿੰਘ ਸੋਨੂ ਆਪਣੇ ਸਾਥੀਆਂ ਦੇ ਨਾਲ ਗੁਰਦੁਆਰਾ ਪੁੱਜੇ। ਦੋਸ਼ ਹੈ ਕਿ ਉਨ੍ਹਾਂ ਨੇ ਜਬਰਨ ਤਾਲਾ ਤੋੜ ਕੇ ਅੰਦਰ ਪ੍ਰਵੇਸ਼ ਕੀਤਾ, ਸੀ.ਸੀ.ਟੀ.ਵੀ. ਕੈਮਰੇ ਤੋੜੇ ਅਤੇ ਮਸ਼ੀਨ ਦੀ ਮਦਦ ਨਾਲ ਤਾਲਾ ਕੱਟਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਸੱਤਾ ਦੇ ਦਬਾਅ ’ਚ ਕੀਤਾ ਗਿਆ ਅਤੇ ਧਾਰਮਿਕ ਮਾਮਲਿਆਂ ’ਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗੁਰਦੁਆਰੇ ਨੂੰ ਸਥਾਈ ਤੌਰ ’ਤੇ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

                                         Image

ਇਸ ਘਟਨਾ ਤੋਂ ਬਾਅਦ ਦਲਿਤ ਭਾਈਚਾਰੇ ਦੇ ਲੋਕਾਂ ’ਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਵੱਡੀ ਗਿਣਤੀ ’ਚ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬੰਧਤ ਚੇਅਰਮੈਨ ਅਤੇ ਸਰਪੰਚ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਜਾਵੇ। ਲੋਕਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜਤਾਈ ਅਤੇ ਜਾਨ-ਮਾਲ ਦੀ ਰੱਖਿਆ ਦੀ ਮੰਗ ਕੀਤੀ ਹੈ। ਉੱਥੇ ਹੀ ਬਲਾਕ ਸੰਮਤੀ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਨੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਤਾਲਾ ਨਹੀਂ ਤੋੜਿਆ ਗਿਆ ਅਤੇ ਸਾਰੇ ਦੋਸ਼ ਬੇਬੁਨਿਆਦ ਹਨ।

ਇੰਡਸਟਰੀਅਲ ਇਲਾਕੇ ਦੇ ਏ.ਸੀ.ਪੀ. ਇੰਦਰਜੀਤ ਸਿੰਘ ਬੋਪਾਰਾਏ ਅਨੁਸਾਰ ਇਹ ਦੋ ਪੱਖਾਂ ਵਿਚਕਾਰ ਆਪਸੀ ਵਿਵਾਦ ਸੀ। ਪੁਲਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ ਅਤੇ ਦੋਵੇਂ ਪੱਖਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਹਾਲਾਂਕਿ ਪੁਲਸ ਨੇ ਹਾਲਾਤ ਨੂੰ ਕਾਬੂ ’ਚ ਦੱਸਿਆ ਹੈ ਪਰ ਪਿੰਡ ’ਚ ਅਜੇ ਵੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

Back to top button