AAP ਨੇ ਘੇਰੀ ਭਾਜਪਾ, ਮੰਤਰੀ ਚੀਮਾ ਬੋਲੇ ‘ਪੰਜਾਬ ਨੂੰ ਦਿੱਤਾ ਇੱਕ ਰੁਪਿਆ ਨਹੀਂ, ਸਿਰਫ਼ ਬਦਨਾਮ ਕਰਕੇ ਤੁਰਦੇ ਬਣੇ !
AAP surrounds BJP, Minister Cheema says 'Not a single rupee was given to Punjab, only defamation is being done'

AAP surrounds BJP, Minister Cheema says ‘Not a single rupee was given to Punjab, only defamation is being done’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਅਤੇ ਆਮ ਆਦਮੀ ਪਾਰਟੀ ‘ਤੇ ਕੀਤੇ ਗਏ ਤਿੱਖੇ ਹਮਲਿਆਂ ਤੋਂ ਬਾਅਦ ਹੁਣ ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਵੀ ਪਲਟਵਾਰ ਕਰ ਦਿੱਤਾ ਹੈ। ‘ਆਪ’ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਭਾਰਤੀ ਜਨਤਾ ਪਾਰਟੀ ਨੂੰ ਆੜੇ ਹੱਥੀਂ ਲਿਆ। ਜ਼ਿਕਰਯੋਗ ਹੈ ਕਿ ਪੀ.ਐਮ. ਮੋਦੀ ਨੇ ਪੰਜਾਬ ਵਿੱਚ ‘ਆਪ’ ਸਰਕਾਰ ਨੂੰ ‘ਕੱਟੜ ਬੇਈਮਾਨ ਪਾਰਟੀ’ ਗਰਦਾਨਿਆ ਸੀ ਅਤੇ ਸੂਬੇ ਵਿੱਚ ਗੈਂਗਸਟਰਾਂ ਵੱਲੋਂ ਮੰਗੀ ਜਾ ਰਹੀ ਰੰਗਦਾਰੀ ਤੇ ਚੱਲ ਰਹੀਆਂ ਗੋਲੀਆਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਸੀ। ਪ੍ਰਧਾਨ ਮੰਤਰੀ ਦੇ ਇਨ੍ਹਾਂ ਗੰਭੀਰ ਦੋਸ਼ਾਂ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਅਤੇ ਉਹ ਸਿਰਫ਼ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੌਰੇ ‘ਤੇ ਤਾਂ ਆਏ, ਪਰ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਅਤੇ ਸੂਬੇ ਦੇ ਲਟਕਦੇ ਆ ਰਹੇ ਫੰਡਾਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਭਾਜਪਾ ‘ਤੇ ਸਿੱਧਾ ਅਤੇ ਬੇਹੱਦ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਪਾਰਟੀ ਨਾਲ ਪ੍ਰਧਾਨ ਮੰਤਰੀ ਮੋਦੀ ਜੁੜੇ ਹੋਏ ਹਨ, ਉਸ ਭਾਜਪਾ ਨੇ ਰਾਮ ਮੰਦਰ ਵਿੱਚੋਂ ਚੋਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਸ਼ਰਧਾਲੂਆਂ ਵੱਲੋਂ ਜੋ ਚੰਦਾ ਅਤੇ ਕੀਮਤੀ ਵਸਤੂਆਂ ਚੜ੍ਹਾਈਆਂ ਗਈਆਂ ਸਨ, ਉੱਤਰ ਪ੍ਰਦੇਸ਼ ਦੀ ਭਾਜਪਾ ਨੇ ਉਸ ਸਭ ਦੀ ਚੋਰੀ ਕੀਤੀ ਹੈ। ਚੀਮਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਜੋ 5 ਗਾਰੰਟੀਆਂ ਦਿੱਤੀਆਂ ਸਨ, ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ, ਜਦਕਿ ਪ੍ਰਧਾਨ ਮੰਤਰੀ ਸਿਰਫ਼ ਗਲਤ ਇਲਜ਼ਾਮ ਲਗਾ ਕੇ ਚਲੇ ਗਏ ਹਨ।
ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੇਲੇ ਪੰਜਾਬ ‘ਚ ਆਇਆ ਨਸ਼ਾ
ਵਿੱਤ ਮੰਤਰੀ ਚੀਮਾ ਨੇ ਪੁਰਾਣੇ ਸਮੇਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ‘ਡਬਲ ਇੰਜਣ’ ਸਰਕਾਰ ਸੀ, ਤਾਂ ਉਨ੍ਹਾਂ ਨੇ ਸੂਬੇ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਉਸ ਸਮੇਂ ਕੋਈ ਵਿਕਾਸ ਕਾਰਜ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਗਠਜੋੜ ਦੀ ਸਰਕਾਰ ਸੀ, ਉਦੋਂ ਹੀ ਭਾਜਪਾ ਪੰਜਾਬ ਵਿੱਚ ਨਸ਼ਾ ਲੈ ਕੇ ਆਈ ਸੀ। ਇਨ੍ਹਾਂ ਲੋਕਾਂ ਨੇ ਹੀ ਸੂਬੇ ਵਿੱਚ ਨਸ਼ਾ ਫੈਲਾਇਆ ਅਤੇ ਇਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰੀਆਂ।
ਹੜ੍ਹ ਰਾਹਤ ਦੇ ਨਾਮ ‘ਤੇ ਪੰਜਾਬ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ
ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਕਥਿਤ ਵਿਤਕਰੇ ‘ਤੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਭਿਆਨਕ ਹੜ੍ਹ ਆਏ ਸਨ, ਤਾਂ ਅਸੀਂ ਸੂਬੇ ਦੇ ਹਾਲਾਤ ਨੂੰ ਸੁਧਾਰਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਸੀ। ਉਸ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ਼ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਅਸਲ ਵਿੱਚ ਪੰਜਾਬ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ।
ਜਲੰਧਰ ਵਿੱਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ ‘ਤੇ ਤਿੱਖੇ ਨਿਸ਼ਾਨੇ, ਕਈ ਮੁੱਦਿਆਂ ‘ਤੇ ਘੇਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਦੌਰੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ 125 ਕਰੋੜ ਰੁਪਏ ਦੀ ਲਾਗਤ ਵਾਲੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਕੁੱਲ੍ਹ 5470 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਸ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਸੀਰ ਗੋਵਰਧਨ ਵਾਰਾਣਸੀ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾਉਣ ਤੋਂ ਪਹਿਲਾਂ ਸਕੂਲੀ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਇਸ ਦੇ ਬਾਅਦ ਟਰੇਨ ਵਿਚ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਵੀ ਕੀਤੀ। ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਆਗੂਆਂ ਵਾਲੀ ਹਰੀ ਪਗੜੀ ਪਹਿਨ ਕੇ ਸਟੇਜ਼ ‘ਤੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਉਨ੍ਹਾਂ ਨਮਨ ਵੀ ਕੀਤਾ।
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ਼ਤਿਹਾਰਾਂ ਦੇ ਜ਼ੋਰ ‘ਤੇ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਬੋਲਦੇ ਮੋਦੀ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਸਸਥਾ ਬੇਹਾਲ ਹੋ ਚੁੱਕੀ ਹੈ। ਕਦੋ, ਕਿੱਥੇ ਗੈਂਗਵਾਰ ਹੋ ਜਾਵੇ, ਕਿਹੜੀ ਦਿਸ਼ਾ ਤੋਂ ਗੋਲ਼ੀਆਂ ਚੱਲ ਜਾਣ ਕੋਈ ਕੁਝ ਨਹੀਂ ਕਹਿ ਸਕਦਾ। ਇਥੇ ਵਪਾਰ-ਕਾਰੋਬਾਰ ਕਰਨਾ ਮੁਸ਼ਕਿਲ ਹੋ ਚੁੱਕਾ ਹੈ। ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਪੁਲਸ ਥਾਣੇ ਤੱਕ ਵੀ ਸੁਰੱਖਿਅਤ ਨਹੀਂ ਹਨ। ਥਾਣਿਆਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਪੰਜਾਬ ਦਾ ਭਵਿੱਖ ਬਰਬਾਦ ਕੀਤਾ ਜਾ ਰਿਹਾ ਹੈ। ਨਸ਼ੇ ਦੇ ਸੌਦਾਗਰ ਖੁੱਲ੍ਹਆਮ ਘੁੰਮ ਰਹੇ ਹਨ। ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧਕੇਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ ਲੋਕ ਪੰਜਾਬ ਦੀ ਸੱਤਾ ਵਿਚ ਬੈਠੇ ਹਨ, ਉਹ ਬਹੁਤ ਘਮੰਡ ਨਾਲ ਦੇਸ਼ ਦੀ ਰਾਜਨੀਤੀ ਬਦਲਣ ਦਾ ਦਾਅਵਾ ਕਰਦੇ ਸਨ। ਅੱਜ ਦੇਸ਼ ਉਨ੍ਹਾਂ ਦੇ ਅਸਲੀ ਰੰਗ ਵੇਖ ਰਿਹਾ ਹੈ। ਮੋਦੀ ਨੇ ਕਿਹਾ ਕਿ ਦੋ-ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਇਕ ਨੇਤਾ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਉਸ ‘ਤੇ ਦੰਗੇ ਭੜਕਾਉਣ ਅਤੇ ਇਕ ਆਈ. ਬੀ. ਅਧਿਕਾਰੀ ਦਾ ਕਤਲ ਦਾ ਦੋਸ਼ ਹੈ। ਉਨ੍ਹਾਂ ਕਿਹਾ ਅਦਾਲਤ ਨੇ ਸਬੂਤਾਂ ਦੇ ਆਧਾਰ ‘ਤੇ ਆਪਣਾ ਫ਼ੈਸਲਾ ਸੁਣਾਇਆ ਪਰ ਫਿਰ ਵੀ ਉਹ ਇਸ ‘ਤੇ ਵੀ ਸਵਾਲ ਚੁੱਕ ਰਹੇ ਹਨ। ਪੰਜਾਬ ਵਿਚ ਇਕ “ਕੱਟੜ ਬੇਈਮਾਨ ਪਾਰਟੀ” ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਇਥੋਂ ਦੀ ਸਰਕਾਰ ਕਰਜ਼ੇ ‘ਤੇ ਮੌਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ ਹੈ ਅਤੇ ਪੰਜਾਬ ਦੇ ਵਿਕਾਸ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਜ਼ਰੂਰੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਸਰਕਾਰ ‘ਤੇ ਸ਼ਬਦੀ ਹਮਲੇ ਕੀਤੇ।











