
ਕੈਨੇਡਾ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਵੇਂ ਅਜੇ ਤਕਰੀਬਨ 9 ਮਹੀਨੇ ਰਹਿੰਦੇ ਹਨ ਪਰ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਇਨ੍ਹਾਂ ਚੋਣਾਂ ਲਈ ਚੋਣ ਮੈਦਾਨ ਭਖਾ ਦਿੱਤਾ ਹੈ। ਕਈ ਵਿਧਾਨ ਸਭਾ ਹਲਕਿਆਂ ਵਿਚ ਉਮੀਦਵਾਰਾਂ ਦਾ ਸਿੱਧਾ ਐਲਾਨ ਕੀਤਾ ਜਾ ਰਿਹਾ ਹੈ ਤੇ ਕਈਆਂ ਵਿਚ ਨਾਮਜ਼ਦਗੀ ਕੀਤੀ ਜਾਵੇਗੀ।
ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਬੀ.ਸੀ. ਯੂਨਾਈਟਿਡ ਪਾਰਟੀ ਨੇ 2 ਅਤੇ ਕੰਜ਼ਰਵੇਟਿਵ ਪਾਰਟੀ ਆਫ ਬੀ.ਸੀ. ਨੇ 5 ਪੰਜਾਬੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉੱਘੀ ਪੰਜਾਬਣ ਵਕੀਲ ਪੁਨੀਤ ਸੰਧਰ ਤੇ ਪੀਟਾਪਿਟ ਫ੍ਰੈਂਚਾਈਜ਼ ਰੈਸਟੋਰੈਂਟ ਦੇ ਮਾਲਕ ਪਵਨੀਤ ਸਿੰਘ ਹੈਪੀ ਬੀ.ਸੀ. ਯੂਨਾਈਟਿਡ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਨਿੱਤਰੇ ਹਨ। ਜਦਕਿ ਡਾਕਟਰ ਜੋਡੀ ਤੂਰ, ਰੇਡੀਓ ਹੋਸਟ ਤੇਗਜੋਤ ਬੱਲ, ਉੱਘੀ ਸਮਾਜ ਸੇਵਕਾ ਤੇ ਕਿੱਤੇ ਵਜੋਂ ਨਰਸ ਦੁਪਿੰਦਰ ਕੌਰ ਸਰਾਂ, ਪਹਿਲਵਾਨ ਤੇ ਕਬੱਡੀ ਖਿਡਾਰੀ ਰਹੇ।
ਮਨਦੀਪ ਧਾਲੀਵਾਲ ਤੇ ਸਾਬਕਾ ਰੇਡੀਓ ਹੋਸਟ ਦੀਪਰ ਸੂਰੀ ਨੂੰ ਕੰਜ਼ਰਵੇਟਿਵ ਪਾਰਟੀ ਬੀ.ਸੀ.ਨੇ ਆਪਣੇ ਪਾਰਟੀ ਉਮੀਦਵਾਰ ਬਣਾਇਆ ਹੈ। ਬ੍ਰਿਟਿਸ਼ ਕੋਲੰਬੀਆ ਦੀ 87 ਮੈਂਬਰੀ ਵਿਧਾਨ ਸਭਾ ਵਿਚ 10 ਪੰਜਾਬੀ ਵਿਧਾਇਕ ਹਨ ਤੇ ਸਾਰੇ ਵਿਧਾਇਕ ਸੱਤਾਧਾਰੀ ਐੱਨ.ਡੀ.ਪੀ. ਪਾਰਟੀ ਨਾਲ ਸਬੰਧਤ ਹਨ।