‘ਗੇਟ ਖੋਲ੍ਹੋ, ਅਸੀਂ CBI ਹਾਂ’- ਚੱਲਿਆ ਡਰਾਮਾ, ਫਿਰ ਮਹਿਲਾ ਨੇ ਕੱਢੀ ਸਾਰਿਆਂ ਦੀ ਹਵਾ, ਹੋਏ ਰਫੂ ਚੱਕਰ

ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਰਹਿੰਦੇ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਅਚਾਨਕ ਗੱਡੀਆਂ ਦਾ ਲੰਮਾ ਕਾਫ਼ਲਾ ਆ ਕੇ ਰੁਕਦਾ ਹੈ। ਗੱਡੀਆਂ ਵਿੱਚੋਂ ਕਰੀਬ 8 ਤੋਂ 10 ਲੋਕ ਬਾਹਰ ਨਿਕਲਦੇ ਹਨ। ਸਾਰਿਆਂ ਦੇ ਕੱਪੜਿਆਂ ‘ਤੇ ਕੇਂਦਰੀ ਜਾਂਚ ਏਜੰਸੀ (CBI) ਦਾ ਲੋਗੋ ਲੱਗਿਆ ਹੁੰਦਾ ਹੈ ਅਤੇ ਗਲੇ ਵਿੱਚ ਅਧਿਕਾਰਤ ਆਈ-ਕਾਰਡ ਟੰਗੇ ਹੁੰਦੇ ਹਨ। ਉਨ੍ਹਾਂ ਦੀ ਬਾਡੀ ਲੈਂਗਵੇਜ ਅਤੇ ਰਵੱਈਆ ਇੰਨਾ ਸਖ਼ਤ ਸੀ ਕਿ ਪਹਿਲੀ ਨਜ਼ਰ ਵਿੱਚ ਇਹ ਪੂਰੀ ਤਰ੍ਹਾਂ CBI ਦੀ ਅਸਲੀ ਰੇਡ ਲੱਗ ਰਹੀ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਇਸ ਪੂਰੀ ਰੇਡ ਦੀ ਸਕ੍ਰਿਪਟ ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ‘ਸਪੈਸ਼ਲ 26’ ਵਾਂਗ ਬੇਹੱਦ ਸ਼ਾਤਿਰਾਨਾ ਢੰਗ ਨਾਲ ਰਚੀ ਗਈ ਸੀ।
ਇਸੇ ਦੌਰਾਨ ਘਰ ਦੀ ਘੰਟੀ ਵੱਜਦੀ ਹੈ। ਦਰਵਾਜ਼ੇ ‘ਤੇ ਕਾਰੋਬਾਰੀ ਦੀ ਪਤਨੀ ਆਉਂਦੀ ਹੈ ਅਤੇ ਸਾਹਮਣੇ ਖੜ੍ਹੇ ਲੋਕਾਂ ਨੂੰ ਆਪਣੀ ਪਛਾਣ ਦੱਸਣ ਲਈ ਕਹਿੰਦੀ ਹੈ। ਘਰ ਦੇ ਬਾਹਰ ਖੜ੍ਹੇ ਲੋਕ ਆਪਣੇ ਆਪ ਨੂੰ CBI ਦੇ ਅਧਿਕਾਰੀ ਦੱਸਦੇ ਹੋਏ ਮੁੱਖ ਦਰਵਾਜ਼ਾ ਖੋਲ੍ਹਣ ਲਈ ਕਹਿੰਦੇ ਹਨ। ਉਨ੍ਹਾਂ ਦਾ ਰਵੱਈਆ ਇੰਨਾ ਸਖ਼ਤ ਸੀ ਕਿ ਕੋਈ ਵੀ ਆਸਾਨੀ ਨਾਲ ਉਨ੍ਹਾਂ ਦੇ ਝਾਂਸੇ ਵਿੱਚ ਆ ਸਕਦਾ ਸੀ।
ਪਰ ਕਾਰੋਬਾਰੀ ਦੀ ਪਤਨੀ ਡਟੀ ਰਹੀ। ਉਨ੍ਹਾਂ ਨੇ ਸਾਫ਼ ਕਿਹਾ ਕਿ ਜਦ ਤੱਕ ਉਹ ਆਪਣਾ ਅਸਲੀ ਅਧਿਕਾਰ ਪੱਤਰ (ਆਥਰਾਈਜ਼ੇਸ਼ਨ) ਅਤੇ ਵੈਧ ਆਈ-ਕਾਰਡ ਨਹੀਂ ਦਿਖਾਉਂਦੇ, ਉਹ ਘਰ ਦਾ ਮੁੱਖ ਗੇਟ ਨਹੀਂ ਖੋਲ੍ਹਣਗੀਆਂ। ਇਹ ਸੁਣਦੇ ਹੀ ਬਾਹਰ ਖੜ੍ਹੇ ਫ਼ਰਜ਼ੀ ਅਧਿਕਾਰੀਆਂ ਦਾ ਰਵੱਈਆ ਹੋਰ ਵੀ ਆਕਰਮਕ ਹੋ ਗਿਆ।
ਪੰਜਾਬ ਵਿਧਾਨ ਸਭਾ ਵਿੱਚ ਨੀਟ ਪੇਪਰ ਲੀਕ ਮਾਮਲੇ ‘ਤੇ ਹੰਗਾਮਾ
ਉਨ੍ਹਾਂ ਨੇ ਪਰਿਵਾਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ, ਧਮਕੀਆਂ ਦਿੱਤੀਆਂ ਅਤੇ ਕਾਨੂੰਨੀ ਪੇਚਾਂ ਵਿੱਚ ਫਸਾਉਣ ਦਾ ਡਰ ਵੀ ਦਿਖਾਇਆ। ਇਸ ਦੌਰਾਨ ਬੰਦ ਦਰਵਾਜ਼ੇ ਦੇ ਪਿੱਛੇ ਮਾਹੌਲ ਬੇਹੱਦ ਤਣਾਅਪੂਰਨ ਸੀ, ਪਰ ਮਹਿਲਾ ਆਪਣੀ ਗੱਲ ‘ਤੇ ਅਡਿੱਗ ਰਹੀ। ਉਨ੍ਹਾਂ ਨੇ ਸਾਫ਼ ਕਿਹਾ ਕਿ ਜਦ ਤੱਕ ਪੂਰੀ ਤਸੱਲੀ ਨਹੀਂ ਹੋ ਜਾਂਦੀ, ਕਿਸੇ ਵੀ ਕੀਮਤ ‘ਤੇ ਘਰ ਦਾ ਦਰਵਾਜ਼ਾ ਨਹੀਂ ਖੁੱਲੇਗਾ।
ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਇਸ ਗਿਰੋਹ ਨੇ ਪਰਿਵਾਰ ਨੂੰ ਕਾਨੂੰਨੀ ਸ਼ਿਕੰਜੇ ਦਾ ਡਰ ਦਿਖਾਉਣ ਲਈ ਇੱਕ ਡਿਜ਼ਿਟਲ ਚਾਲ ਚੱਲੀ। ਕਾਰੋਬਾਰੀ ਦੇ ਪਿਤਾ ਦੇ ਵਟਸਐਪ ‘ਤੇ ਇੱਕ ਨੋਟਿਸ ਭੇਜਿਆ ਗਿਆ, ਜਿਸ ‘ਤੇ ਬਾਕਾਇਦਾ CBI ਡਾਇਰੈਕਟਰ ਦਾ ਨਾਮ ਅਤੇ ਦਸਤਖ਼ਤ ਦਰਜ ਸਨ।
ਬਾਹਰ ਖੜ੍ਹੇ ਲੋਕਾਂ ਦੀ ਕੋਸ਼ਿਸ਼ ਸੀ ਕਿ ਪਰਿਵਾਰ ਕਿਸੇ ਤਰ੍ਹਾਂ ਦਹਿਸ਼ਤ ਵਿੱਚ ਆ ਕੇ ਬਿਨਾਂ ਕੋਈ ਸਵਾਲ ਕੀਤੇ ਗੇਟ ਖੋਲ੍ਹ ਦੇਵੇ। ਸ਼ਾਤਿਰਾਂ ਨੇ ਨੋਟਿਸ ਭੇਜਣ ਤੋਂ ਕੁਝ ਹੀ ਸਮੇਂ ਬਾਅਦ ਉਸ ਨੂੰ ‘Delete for Everyone’ ਵੀ ਕਰ ਦਿੱਤਾ, ਤਾਂ ਜੋ ਕੋਈ ਡਿਜ਼ਿਟਲ ਸਬੂਤ ਨਾ ਬਚੇ। ਪਰ ਮਹਿਲਾ ਨੇ ਮੈਸੇਜ ਡਿਲੀਟ ਹੋਣ ਤੋਂ ਪਹਿਲਾਂ ਹੀ ਉਸ ਜਾਅਲੀ ਨੋਟਿਸ ਦਾ ਸਕ੍ਰੀਨਸ਼ਾਟ ਲੈ ਲਿਆ ਸੀ।
ਸੜਕ ‘ਤੇ ਇਹ ਪੂਰਾ ਡਰਾਮਾ ਕਰੀਬ ਡੇਢ ਘੰਟੇ ਤੱਕ ਚੱਲਦਾ ਰਿਹਾ। ਸਮਾਂ ਬੀਤਣ ਨਾਲ ਮੁਹੱਲੇ ਦੇ ਲੋਕ ਅਤੇ ਗੁਆਂਢੀ ਵੀ ਘਰ ਦੇ ਬਾਹਰ ਇਕੱਠੇ ਹੋਣ ਲੱਗੇ। ਜਦੋਂ ਗੁਆਂਢੀਆਂ ਨੇ ਕਥਿਤ ਅਧਿਕਾਰੀਆਂ ਤੋਂ ਸਰਚ ਵਾਰੰਟ ਅਤੇ ਹੋਰ ਦਸਤਾਵੇਜ਼ਾਂ ਦੀ ਹਾਰਡ ਕਾਪੀ ਦਿਖਾਉਣ ਲਈ ਕਿਹਾ, ਤਾਂ ਜਾਅਲੀ CBI ਟੀਮ ਦੇ ਹੱਥ-ਪੈਰ ਫੁੱਲ ਗਏ।
ਆਪਣੇ ਆਪ ਨੂੰ ਘਿਰਦਾ ਦੇਖ ਉਨ੍ਹਾਂ ਨੇ ਬਹਾਨਾ ਬਣਾਇਆ ਕਿ ਅਸਲੀ ਵਾਰੰਟ ਅਤੇ ਕਾਗਜ਼ਾਤ ਉਨ੍ਹਾਂ ਦੀ ਕਾਰ ਵਿੱਚ ਪਏ ਹਨ। ਇਸ ਤੋਂ ਬਾਅਦ ਅਸਲੀ ਵਾਰੰਟ ਲਿਆਉਣ ਦਾ ਬਹਾਨਾ ਕਰਕੇ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ।
ਜਾਅਲੀ CBI ਟੀਮ ਦੇ ਭੱਜਦੇ ਹੀ ਪਰਿਵਾਰ ਨੇ ਤੁਰੰਤ ਐਮਰਜੈਂਸੀ ਨੰਬਰ 112 ‘ਤੇ ਕਾਲ ਕਰਕੇ ਦਿੱਲੀ ਪੁਲਿਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ। ਪੂਰੀ ਵਾਰਦਾਤ ਕੈਮਰਿਆਂ ਵਿੱਚ ਸਾਫ਼ ਰਿਕਾਰਡ ਹੋ ਚੁੱਕੀ ਹੈ, ਜਿਸ ਵਿੱਚ ਸ਼ੱਕੀ ਵਿਅਕਤੀਆਂ ਦੇ ਚਿਹਰੇ, CBI ਲੋਗੋ ਵਾਲੇ ਜਾਅਲੀ ਕੱਪੜੇ ਅਤੇ ਉਨ੍ਹਾਂ ਦੀਆਂ ਗੱਡੀਆਂ ਵੀ ਨਜ਼ਰ ਆ ਰਹੀਆਂ ਹਨ।











