
ਦਿੱਲੀ/INA
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਟਿਆਲਾ ਹਾਊਸ ਕੋਰਟ ਵਿੱਚ ਬਿਸ਼ਨੋਈ ਅਤੇ ਉਸ ਦੇ ਗਿਰੋਹ ਦੇ 10 ਸ਼ੂਟਰਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ।ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸਭ ਤੋਂ ਵੱਧ ਚਰਚਾ ‘ਚ ਰਹੇ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਗੋਲਡੀ ਬਰਾੜ, ਸਚਿਨ ਬਰਾੜ ਅਤੇ ਦੀਪਕ ਮੁੰਡੀ ਉਤੇ ਕਾਨੂੰਨੀ ਸ਼ਿਕੰਜਾ ਕੱਸਣ ਲੱਗਾ ਹੈ।
ਇਨ੍ਹਾਂ ਵਿੱਚੋਂ ਗੋਲਡੀ ਬਰਾੜ ਕੈਨੇਡਾ ਵਿੱਚ ਬੈਠਾ ਹੈ, ਜਦੋਂਕਿ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। ਦੂਜੇ ਪਾਸੇ ਸਚਿਨ ਬਿਸ਼ਨੋਈ ਅਤੇ ਕਾਲਾ ਜਠੇੜੀ ਬਾਰੇ ਖ਼ਬਰ ਹੈ ਕਿ ਉਹ ਦੁਬਈ ਭੱਜ ਗਏ ਹਨ, ਜਦੋਂਕਿ ਮੂਸੇਵਾਲਾ ਕਤਲ ਕਾਂਡ ਵਿੱਚ ਵਾਂਟੇਡ ਲਾਰੈਂਸ ਗੈਂਗ ਦਾ ਸ਼ੂਟਰ ਦੀਪਕ ਮੁੰਡੀ ਫਰਾਰ ਹੈ।
ਪੁਲਿਸ ਨੇ ਇਹ ਚਾਰਜਸ਼ੀਟ ਦਿੱਲੀ ਦੇ ਮੋਹਨ ਗਾਰਡਨ ਇਲਾਕੇ ਦੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਹੱਤਿਆ ਦੀ ਸਾਜ਼ਿਸ਼ ਦੇ ਨਾਲ-ਨਾਲ ਉਸ ਤੋਂ 1 ਕਰੋੜ ਦੀ ਪ੍ਰੋਟੈਕਸ਼ਨ ਮਨੀ ਦੀ ਮੰਗ ਕਰਨ ਦੀਆਂ ਗੰਭੀਰ ਧਾਰਾਵਾਂ ਤਹਿਤ ਦਾਇਰ ਕੀਤੀ ਹੈ।
ਸਪੈਸ਼ਲ ਸੈੱਲ ਦੇ ਏਸੀਪੀ ਲਲਿਤ ਮੋਹਨ ਨੇਗੀ ਅਤੇ ਇੰਸਪੈਕਟਰ ਰਵਿੰਦਰ ਤਿਆਗੀ ਦੇ ਅਨੁਸਾਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਸਚਿਨ ਬਿਸ਼ਨੋਈ ਦੇ ਆਪਰੇਟਰਾਂ ਦੁਆਰਾ 30 ਮਾਰਚ 2021 ਨੂੰ ਮੋਹਨ ਗਾਰਡਨ ਖੇਤਰ ਵਿੱਚ ਇੱਕ ਕਾਰੋਬਾਰੀ ਦੇ ਦਫ਼ਤਰ ਵਿੱਚ ਗੋਲੀਬਾਰੀ ਕੀਤੀ ਗਈ ਸੀ। ਇਸ ਗੋਲੀਬਾਰੀ ਵਿੱਚ ਵਪਾਰੀ ਦੀਆਂ ਦੋਵੇਂ ਲੱਤਾਂ ਵਿੱਚ ਗੋਲੀ ਲੱਗੀ ਸੀ।
ਇਸ ਮਾਮਲੇ ‘ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਸ਼੍ਰੀ ਗੰਗਾਨਗਰ ਤੋਂ 5 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਗਿਰੋਹ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਤਿਹਾੜ ਜੇਲ੍ਹ, ਗੁਰੂਗ੍ਰਾਮ ਅਤੇ ਰੋਹਤਕ ਜੇਲ੍ਹ ਵਿੱਚ ਬੰਦ ਲਾਰੈਂਸ ਗੈਂਗ ਦੇ 6 ਸ਼ੂਟਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਚਾਰਜਸ਼ੀਟ ਵਿੱਚ ਖੁਲਾਸਾ ਹੋਇਆ ਹੈ ਕਿ ਕਿਵੇਂ ਲਾਰੈਂਸ ਗੈਂਗ ਜੇਲ੍ਹ ਦੇ ਅੰਦਰ ਅਤੇ ਕੈਨੇਡਾ-ਦੁਬਈ ਤੋਂ ਆਪਣੇ ਗੈਂਗ ਨੂੰ ਚਲਾ ਰਿਹਾ ਹੈ।