
ਬੈਂਗਲੁਰੂ ਦੇ 15 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸ਼ੁੱਕਰਵਾਰ 1 ਦਸੰਬਰ ਨੂੰ ਈ-ਮੇਲ ਰਾਹੀਂ ਦਿੱਤੀ ਗਈ। ਸਾਰੇ ਸਕੂਲਾਂ ਨੂੰ ਇੱਕੋ ਸਮੇਂ ਇੱਕ ਈ-ਮੇਲ ਮਿਲੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਸਕੂਲਾਂ ਦੇ ਅੰਦਰ ਬੰਬ ਰੱਖੇ ਗਏ ਹਨ।
ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਕੂਲਾਂ ‘ਚੋਂ ਬਾਹਰ ਕੱਢ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਐਂਟੀ ਸਾਬੋਟੇਜ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਬੰਬ ਦੀ ਸੂਚਨਾ ਮਿਲਣ ‘ਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਪਹੁੰਚੇ। ਇਸ ਨਾਲ ਹਫੜਾ ਦਫੜੀ ਮਚ ਗਈ।
ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਨੇ ਈ-ਮੇਲ ਨੂੰ ਅਫਵਾਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ- ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ 24 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਫੜ ਲਵਾਂਗੇ।