ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਿਦੇਸ਼ੀ ਵਿਦਿਆਰਥੀਆਂ ਦੀ ਐਂਟਰੀ ‘ਤੇ ਲਗਾਮ ਲਗਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਇਮੀਗ੍ਰੇਸ਼ਨ ਅੰਕਡ਼ਿਆਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟੇਨ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਇਸ ਲਈ ਪ੍ਰਧਾਨ ਮੰਤਰੀ ਇਸ ਕਦਮ ‘ਤੇ ਵਿਚਾਰ ਕਰ ਰਹੇ ਹਨ।
ਇਸ ਤਹਿਤ ਸਿਖਰ ਯੂਨੀਵਰਸਿਟੀਆਂ ਵਿਚ ਦਾਖ਼ਲੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲਣ ਵਾਲੇ ਵੀਜ਼ੇ ’ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।
ਇਸ ਵਿਚਾਲੇ ਸਰਕਾਰ ਦੇ ਮਾਈਗ੍ਰੇਸ਼ਨ ਸਲਾਹਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਕਦਮ ਨਾਲ ਬ੍ਰਿਟੇਨ ਦੀਆਂ ਕਈ ਯੂਨੀਵਰਸਿਟੀਆਂ ਕੰਗਾਲ ਹੋ ਸਕਦੀਆਂ ਹਨ। ਬ੍ਰਿਟੇਨ ਦੀ ਅਰਥ-ਵਿਵਸਥਾ ਲਈ ਵੀ ਇਹ ਕਦਮ ਹਾਨੀਕਾਰਕ ਹੋ ਸਕਦਾ ਹੈ। ਸਕਾਟਿਸ਼ ਨੈਸ਼ਨਲ ਪਾਰਟੀ ਨੇ ਮਤੇ ਦਾ ਵਿਰੋਧ ਕਰਦੇ ਹੋਏ ਸਕਾਟਲੈਂਡ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਲ 2020-21 ਵਿਚ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 605,130 ਸੀ, ਜਿਹਡ਼ੀ ਪਿਛਲੇ ਸਾਲ ਦੇ ਕੁਲ 556,625 ਵਿਦਿਆਰਥੀਆਂ ਤੋਂ 8.71 ਫ਼ੀਸਦੀ ਵੱਧ ਸੀ। ਵਿਦੇਸ਼ੀ ਵਿਦਿਆਰਥੀਆਂ ਨੇ ਸਾਲ 2020-21 ਲਈ ਟਿਊਸ਼ਨ ਫ਼ੀਸ ਦੇ ਰੂਪ ਵਿਚ ਕੁਲ 9.95 ਬਿਲੀਅਨ ਪੌਂਡ ਦਾ ਭੁਗਤਾਨ ਕੀਤਾ।