DIG ਜਲੰਧਰ ਵਲੋਂ LPU ਹਿੰਸਾ ਮਾਮਲੇ ‘ਚ ਵੱਡੇ ਖੁਲਾਸੇ, 7 ਵਿਦਿਆਰਥੀ ਸਣੇ 9 ਗ੍ਰਿਫਤਾਰ
Jalandhar DIG makes major revelations regarding the LPU violence case; 9 arrested, including 7 students.

DIG ਜਲੰਧਰ ਨਵੀਨ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ LPU ਵਿਚ ਹੰਗਾਮਾ ਕਰਨ ਦੇ ਦੋਸ਼ ਵਿਚ ਫਗਵਾੜਾ ਤੋਂ 2 ਜਦੋਂ ਕਿ ਜੰਮੂ ਤੇ ਮੁੰਬਈ ਤੋਂ ਵੀ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਦੂਜੇ ਪਾਸੇ ਹਿੰਸਾ ਦੌਰਾਨ ਪਰਿਸਰ ਦੇ ਬਾਹਰ ਸਥਾਪਿਤ ਮਿਗ-23UM ਫਾਈਟਰ ਜੈੱਟ ‘ਤੇ ਚੜ੍ਹੇ ਸ਼ਖਸ ਦੀ ਵੀ ਪਛਾਣ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲ ਕੇ ਉਸ ਦੀ ਪਛਾਣ ਕੀਤੀ। ਉਸ ਦੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦੀ ਗ੍ਰਿਫਤਾਰੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹੋਈ ਹੈ। ਉਹ ਨਾਬਾਲਗ ਹੈ, ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹੈ ਤੇ ਹਿਮਾਚਲ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਮੰਡੀ ਦੇ ਡੀਸੀ ਆਫਿਸ ਵਿਚ ਬਤੌਰ ਅਫਸਰ ਤਾਇਨਾਤ ਹਨ।
DIG ਨਵੀਨ ਸਿੰਗਲਾ ਮੁਤਾਬਕ ਹੰਗਾਮੇ ਦੌਰਾਨ ਵਿਦਿਆਰਥੀਆਂ ਨੇ ਪੁਲਿਸ ‘ਤੇ ਪਥਰਾਅ ਕੀਤਾ। ਕਈ ਗੱਡੀਆਂ ਵਿਚ ਤੋੜਫੋੜ ਕੀਤੀ ਗਈ ਤੇ ਕੁਝ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਸ਼ੁਰੂਆਤ ਵਿਚ ਕੋਈ ਲਾਠੀਚਾਰਜ ਨਹੀਂ ਕੀਤਾ। ਜਦੋਂ ਵਿਦਿਆਰਥੀਆਂ ਵੱਲੋਂ ਭੰਨ ਤੋੜ ਕੀਤੀ ਗਈ ਤਾਂ ਹਾਲਾਤ ਨੂੰ ਕੰਟਰੋਲ ਕਰਨ ਲਈ ਪੁਲਿਸ ਨੇ ਹੰਗਾਮਾ ਕਰ ਰਹੇ ਲੋਕਾਂ ਨੂੰ ਉਥੋਂ ਹਟਾਇਆ। ਜਾਂਚ ਦੌਰਾਨ 20 ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਵਿਚ ਅੱਗੇ ਦੀ ਜਾਂਚ ਤੇ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪ੍ਰਕਿਰਿਆ ਜਾਰੀ ਹੈ।











