
ਨਵਾਂਸ਼ਹਿਰ ਵਿਚ ਸੀਆਈਏ ਸਟਾਫ ਨੇ ਗੈਂਗਸਟਰ ਸੁੱਖਾ ਕਾਹਲਵਾਂ ਕੇਸ ਵਿਚ ਗਵਾਹ ਦੀ ਹੱਤਿਆ ਦੀ ਫਿਰਾਕ ਵਿਚ ਘੁੰਮ ਰਹੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਕੁਝ ਲੋਕ ਹਥਿਆਰ ਲੈ ਕੇ ਘੁੰਮ ਰਹੇ ਹਨ ਤੇ ਵੱਡੀ ਵਾਰਦਾਤ ਦੀ ਫਿਰਾਕ ਵਿਚ ਹਨ। ਇਸ ਦੇ ਬਾਅਦ ਪੁਲਿਸ ਨੇ ਨਾਕਾਬੰਦੀ ਦੌਰਾਨ 7 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਤਲਾਸ਼ੀ ਵਿਚ ਦੋਸ਼ੀਆਂ ਤੋਂ ਦੋ ਦੇਸੀ ਪਿਸਤੌਲਾਂ, ਚਾਰ ਮੈਗਜ਼ੀਨ, 15 ਕਾਰਤੂਸ ਬਰਾਮਦ ਹੋਏ ਹਨ। ਦੋਸ਼ੀਆਂ ਦੀ ਪਛਾਣ ਨਵਾਂਸ਼ਹਿਰ ਦੇ ਪਿੰਡ ਕਿਸ਼ਨਪੁਰਾ ਦੇ ਰਹਿਣ ਵਾਲੇ ਰੋਹਿਤ ਕੁਮਾਰ ਉਰਫ ਸੰਮਾ, ਪਿੰਡ ਸਲੋਹ ਦੇ ਰਹਿਣ ਵਾਲੇ ਓਮ ਬਹਾਦੁਰ ਉਰਫ ਸਾਹਿਲ ਤੋਂ ਇਲਾਵਾ ਫਿਲੌਰ ਦੇ ਰਹਿਣ ਵਾਲੇ ਰਣਜੋਧ ਸਿੰਘ, ਰਾਜਿੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ, ਸ਼ੀਸ਼ ਕੁਮਾਰ ਤੋਂ ਇਲਾਵਾ ਫਾਜ਼ਲਿਕਾ ਦੇ ਰਹਿਣ ਵਾਲੇ ਰੁਪੇਸ਼ ਕੁਮਾਰ ਵਜੋਂ ਹੋਈ ਹੈ।
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿਚ ਰਹਿਣ ਵਾਲੇ ਅੰਮ੍ਰਿਤਪਾਲ ਦੇ ਕਹਿਣ ‘ਤੇ ਸੁੱਖਾ ਕਾਹਲਵਾਂ ਮਾਮਲੇ ਵਿਚ ਗਵਾਹ ਗੋਪੀ ਨਿੱਜਰ ਦੀ ਹੱਤਿਆ ਕਰਨੀ ਸੀ।