ਗ੍ਰਿਫਤਾਰ ਆਪ MLA ਪਠਾਣਮਾਜਰਾ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
Arrested AAP MLA Pathan Majra sent on 4-day police remand

Arrested AAP MLA Pathan Majra sent on 4-day police remand
ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਪਟਿਆਲਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਪਟਿਆਲਾ ਅਦਾਲਤ ਨੇ ਪਠਾਣਮਾਜਰਾ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਇਲਜ਼ਾਮਾਂ ‘ਚ ਵਿੱਚ ਆਪ ਵਿਧਾਇਕ ਭਗੌੜੇ ਚੱਲ ਰਹੇ ਸਨ।
ਸੱਤ ਮਹੀਨੇ ਤੋਂ ਫਰਾਰ ਸੀ ਪਠਾਣਮਾਜਰਾ
ਸੱਤ ਮਹੀਨੇ ਤੋਂ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਿਸ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਵਿਰੁੱਧ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਇਲਜ਼ਾਮਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਉਹ 2 ਸਤੰਬਰ ਤੋਂ ਫਰਾਰ ਸੀ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਸੀ, ਜਿਸਨੇ ਉਸ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਮੁੱਢਲੀ ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਵੱਲੋਂ ਹਰਮੀਤ ਸਿੰਘ ਪਠਾਣਮਾਜਰਾ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪਟਿਆਲਾ ਲਿਆਂਦਾ ਗਿਆ ਹੈ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਕਸ ਉੱਤੇ ਲਿਖਿਆ “‘ਆਪ’ ਪੰਜਾਬ ਵੱਲੋਂ ਕਿੰਨੀ ਪੂਰੀ ਤਰ੍ਹਾਂ ਸਕ੍ਰਿਪਟਡ ਆਪਟਿਕਸ ਗੇਮ ਹੈ। ਸ਼ਾਸਨ ਇੱਕ ਫਿਲਮ ਸੈੱਟ ਤੱਕ ਸੀਮਤ ਹੋ ਗਿਆ ਹੈ, ਜਿੱਥੇ ਹਰ ਚਾਲ ਨਿਆਂ ਲਈ ਨਹੀਂ, ਸਗੋਂ ਧਾਰਨਾ ਲਈ ਮੰਚਿਤ ਦਿਖਾਈ ਦਿੰਦੀ ਹੈ। ਅਰਵਿੰਦ ਕੇਜਰੀਵਾਲ ਦੇ ਕੈਂਪ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਭਗਵੰਤ ਮਾਨ ਦੇ ਕੈਂਪ ਤੋਂ ਪਠਾਣਮਾਜਰਾ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਸੁਵਿਧਾਜਨਕ ਸਮਝ ਤੋਂ ਬਾਅਦ ਹੀ “ਕਾਰਵਾਈ” ਕੀਤੀ ਜਾਂਦੀ ਹੈ, ਅੰਦਰੂਨੀ ਰਾਜਨੀਤੀ ਨੂੰ ਸੰਤੁਲਿਤ ਕਰਦੇ ਹੋਏ ਇਸਨੂੰ ਕਾਨੂੰਨ ਲਾਗੂ ਕਰਨ ਵਾਲੇ ਵਜੋਂ ਵੇਚਿਆ ਜਾਂਦਾ ਹੈ। “ਲਾਪਤਾ” ਤੋਂ “ਗ੍ਰਿਫ਼ਤਾਰ” ਤੱਕ, ਪੂਰੇ ਕ੍ਰਮ ਨੂੰ ਅਸਲ ਜਵਾਬਦੇਹੀ ਯਕੀਨੀ ਬਣਾਉਣ ਦੀ ਬਜਾਏ ਸੁਰਖੀਆਂ ਅਤੇ ਜਨਤਕ ਗੁੱਸੇ ਨੂੰ ਸੰਭਾਲਣ ਲਈ ਕੋਰੀਓਗ੍ਰਾਫ ਕੀਤਾ ਗਿਆ ਹੈ। ਇਹ ਸਕ੍ਰੀਨਪਲੇ ਰਾਜਨੀਤੀ ਹੈ, ਜਿੱਥੇ ਬਿਰਤਾਂਤ ਪਹਿਲਾਂ ਤਿਆਰ ਕੀਤੇ ਜਾਂਦੇ ਹਨ ਅਤੇ ਕਾਰਵਾਈ ਬਾਅਦ ਵਿੱਚ ਹੁੰਦੀ ਹੈ। ਪੰਜਾਬ ਇਸ ਡਰਾਮੇ ਤੋਂ ਬਿਹਤਰ ਦਾ ਹੱਕਦਾਰ ਹੈ।”

ਪ੍ਰਤਾਪ ਬਾਜਵਾ ਨੇ ਚੁੱਕੇ ਸਵਾਲ (@Partap_Sbajwa)
ਸਾਂਸਦ ਰੰਧਾਵਾ ਦਾ ਤੰਜ
ਗੁਰਦਾਸਪੁਰ ਤੋਂ ਕਾਂਗਰਸ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਐਕਸ ਉੱਤੇ ਲਿਖਿਆ “ਅੰਮ੍ਰਿਤਸਰ ਦੇ ਡੀ ਐਮ ਖ਼ੁਦਕੁਸ਼ੀ ਮਾਮਲੇ ਵਿੱਚ ਹੋ ਰਹੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਕਿਰਕਿਰੀ ਤੋ ਧਿਆਨ ਲਾਂਭੇ ਕਰਵਾਉਣ ਲਈ ਫੁੱਫੜ ਨੂੰ ਖੁੱਡ ਵਿੱਚੋ ਕੱਢ ਕੇ ਗ੍ਰਿਫ਼ਤਾਰ ਕਰਵਾਇਆ ਗਿਆ। ਲੋਕਾ ਵਿਚ ਹੋ ਰਹੀ ਕਿਰਕਿਰੀ ਤੋ ਬਚਣ ਲਈ ਭਗਵੰਤ ਮਾਨ ਨੇ ਫੁੱਫੜ ਨੂੰ ਗਿਰਫ਼ਤਾਰ ਕਰਵਾਉਣ ਦਾ ਡਰਾਮਾਂ ਰਚਿਆ। ਪਹਿਲਾ ਆਪ ਹੀ ਭਜਾ ਦਿੱਤਾ ਹੁਣ ਆਪ ਹੀ ਫੜਾ ਦਿੱਤਾ। ਫੁੱਫੜ ਅਤੇ ਭਤੀਜ ਜਵਾਈ ਦੀ ਜੋੜੀ ਨੇ ਪੰਜਾਬ ਨੂੰ ਨਵਾਂ ਰੰਗ ਦਿਖਾ ਦਿੱਤਾ।”











