
ਹੁਣ ਹਰਿਆਣਾ ’ਚ ਵੀ ਲਾਸ਼ ਸੜਕ ’ਤੇ ਰੱਖ ਕੇ ਮੁਜ਼ਾਹਰਾ ਕਰਨਾ ਅਪਰਾਧ ਹੋਵੇਗਾ। ਲਾਸ਼ ਨਾਲ ਮੁਜ਼ਾਹਰਾ ਕਰਨ ’ਤੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਛੇ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਦੀ ਜੇਲ੍ਹ ਤੇ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਬੁੱਧਵਾਰ ਨੂੰ ਨੌਂ ਬਿੱਲ ਪਾਸ ਕੀਤੇ ਗਏ। ਇਨ੍ਹਾਂ ’ਚ ਹਰਿਆਣਾ ਲਾਸ਼ ਦਾ ਸਨਮਾਨਜਨਕ ਨਿਪਟਾਰਾ ਬਿੱਲ ਵੀ ਸ਼ਾਮਲ ਸੀ। ਇਹ ਬਿੱਲ ਇਕ ਦਿਨ ਪਹਿਲਾਂ ਵੀ ਸਦਨ ’ਚ ਰੱਖਿਆ ਗਿਆ ਸੀ ਪਰ ਕਾਂਗਰਸੀ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਇਹ ਪਾਸ ਨਾ ਹੋ ਸਕਿਆ। ਮੰਗਲਵਾਰ ਨੂੰ ਬਿੱਲ ’ਤੇ ਚਰਚਾ ਤੋਂ ਪਹਿਲਾਂ ਹੀ ਕਾਂਗਰਸ ਵਿਧਾਇਕ ਸਦਨ ਤੋਂ ਵਾਕਆਊਟ ਕਰ ਗਏ ਜਿਸ ਕਾਰਨ ਬਾਕੀ ਬਿੱਲਾਂ ਸਮੇਤ ਇਹ ਬਿੱਲ ਵੀ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।