
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਐਤਵਾਰ ਸ਼ਾਮ ਨੂੰ ਉਸ ਸਮੇਂ ਹਲਚਲ ਮਚ ਗਈ ਜਦੋਂ ਯੂਨੀਵਰਸਿਟੀ ਕੈਂਪਸ ‘ਚ ਸਥਿਤ ਉਨ੍ਹਾਂ ਦੇ ਦਫ਼ਤਰ ‘ਚੋਂ ਇਕ ਪ੍ਰੋਫੈਸਰ ਅਤੇ ਉਸ ਦੀ 8 ਸਾਲਾ ਬੇਟੀ ਦੀਆਂ ਲਾਸ਼ਾਂ ਮਿਲੀਆਂ।
ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕ ਦੀ ਪਛਾਣ ਸੰਦੀਪ ਗੋਇਲ (35) ਵਜੋਂ ਹੋਈ ਹੈ, ਜੋ ਹਿਸਾਰ ਦੀ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਚ ਕੰਮ ਕਰਦਾ ਸੀ।
ਗੋਇਲ ਅਤੇ ਉਸ ਦਾ ਪਰਿਵਾਰ ਯੂਨੀਵਰਸਿਟੀ ਕੈਂਪਸ ਵਿਚ ਰਹਿ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਗਲੇ ਵੱਢੇ ਹੋਏ ਮਿਲੇ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਗੋਇਲ ਦੇ ਦਫ਼ਤਰ ਤੋਂ ਬਰਾਮਦ ਕੀਤੀਆਂ ਗਈਆਂ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਇਲ ਦਾ ਡਿਪ੍ਰੈਸ਼ਨ ਦਾ ਇਲਾਜ ਚੱਲ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਸਾਰੇ ਪਹਿਲੂਆਂ ਨੂੰ ਧਿਆਨ ‘ਚ ਰੱਖ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰੋਫੈਸਰ ਨੇ ਪਹਿਲਾਂ ਆਪਣੀ ਧੀ ਦਾ ਗਲਾ ਵੱਢਿਆ ਅਤੇ ਫਿਰ ਸਰਜੀਕਲ ਬਲੇਡ ਨਾਲ ਆਪਣਾ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। ਪ੍ਰੋਫੈਸਰ ਮੂਲ ਰੂਪ ਵਿਚ ਨਰਵਾਣਾ ਦਾ ਰਹਿਣ ਵਾਲਾ ਸੀ ਅਤੇ ਆਪਣੀ ਪਤਨੀ ਨੀਤੂ ਗੋਇਲ ਅਤੇ ਇਕਲੌਤੀ ਬੇਟੀ ਨਾਲ ਲੁਵਾਸ ਦੇ ਸਰਕਾਰੀ ਕੁਆਰਟਰ ਵਿਚ ਰਹਿੰਦਾ ਸੀ। ਸ਼ਾਮ ਨੂੰ ਉਹ ਇਹ ਕਹਿ ਕੇ ਘਰੋਂ ਨਿਕਲ ਗਿਆ ਕਿ ਉਹ ਲੜਕੀ ਨੂੰ ਸੈਰ ਕਰਵਾਉਣ ਲਈ ਲੈ ਜਾਵੇਗਾ।