ਦੱਖਣੀ ਅਮਰੀਕੀ ਦੇ ਦੇਸ਼ ਪੇਰੂ ‘ਚ ਸੋਮਵਾਰ ਨੂੰ ਇਕ ਬੱਸ ਦੇ ਖਾਈ ‘ਚ ਡਿੱਗਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਉੱਤਰੀ ਪੇਰੂ ਵਿੱਚ ਵਾਪਰਿਆ। ਖੇਤਰੀ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਪੇਰੂ ਵਿੱਚ ਇੱਕ ਬੱਸ ਪਹਾੜੀ ਸੜਕ ਤੋਂ ਖੱਡ ਵਿੱਚ ਡਿੱਗ ਗਈ, ਜਿਸ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।
ਅਧਿਕਾਰੀ ਓਲਗਾ ਬੋਬਦਿਲਾ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਰਾਤ ਟੋਏ ਵਾਲੀ ਸੜਕ ‘ਤੇ ਵਾਪਰੀ। ਬੱਸ ਕਰੀਬ 200 ਮੀਟਰ (ਲਗਭਗ 650 ਫੁੱਟ) ਡੂੰਘੀ ਖੱਡ ਵਿੱਚ ਡਿੱਗ ਗਈ।
ਜਾਣਕਾਰੀ ਅਨੁਸਾਰ ਇਸ ਬੱਸ ਵਿੱਚ 50 ਤੋਂ ਵੱਧ ਸਵਾਰੀਆਂ ਸਵਾਰ ਸਨ। ਹਾਦਸੇ ‘ਚ ਬੱਸ ਨਦੀ ਦੇ ਕੰਢੇ ‘ਤੇ ਡਿੱਗ ਗਈ ਅਤੇ ਇਸ ‘ਚ ਸਵਾਰ ਕੁਝ ਲੋਕ ਪਾਣੀ ‘ਚ ਰੁੜ੍ਹ ਗਏ। ਨਗਰ ਨਿਗਮ ਅਧਿਕਾਰੀ ਜੈਮ ਹੇਰੇਰਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਕਰਮਚਾਰੀ ਅਤੇ ਫਾਇਰਫਾਈਟਰ ਹਾਦਸੇ ਵਾਲੀ ਥਾਂ ‘ਤੇ ਪਹੁੰਚੇ, ਜਿੱਥੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
27 ਅਪ੍ਰੈਲ ਨੂੰ ਅਮਰੀਕਾ ਵਿੱਚ ਇੱਕ ਕਾਰ ਹਾਦਸੇ ਵਿੱਚ 3 ਭਾਰਤੀ ਔਰਤਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਦੱਖਣੀ ਕੈਰੋਲੀਨਾ ਦੇ ਗ੍ਰੀਨਵਿਲੇ ਕਾਉਂਟੀ ਵਿੱਚ ਵਾਪਰਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਤਿੰਨੋਂ ਔਰਤਾਂ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ।