ਬਾਲੀਵੁੱਡ ਅਦਾਕਾਰਾ ਤੇ MP ਕੰਗਣਾ ਨੇ ਬੇਬੇ ਮਹਿੰਦਰ ਕੌਰ ਅੱਗੇ ਟੇਕੇ ਗੋਡੇ !
BJP MP Kangana Bebe kneels before Mahendra Kaur!

ਬਾਲੀਵੁੱਡ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਵੱਲੋਂ ਇੱਕ ਬਜ਼ੁਰਗ ਔਰਤ ’ਤੇ ਕੀਤੀ ਟਿੱਪਣੀ ਮਾਮਲੇ ’ਚ ਬਠਿੰਡਾ ਦੀ ਅਦਾਲਤ ‘ਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਕੰਗਨਾ ਰਣੌਤ ਅਦਾਲਤ ’ਚ ਪੇਸ਼ ਹੋਈ। ਮਾਮਲੇ ਸਬੰਧੀ ਅਗਲੀ ਸੁਣਵਾਈ 24 ਨਵੰਬਰ ਨੂੰ ਹੋਵੇਗੀ।
ਸੁਣਵਾਈ ਮਗਰੋਂ ਕੰਗਨਾ ਰਣੌਤ ਵੱਲੋਂ ਬੇਬੇ ਮਹਿੰਦਰ ਕੌਰ ਕੋਲੋਂ ਮੁਆਫੀ ਵੀ ਮੰਗੀ ਗਈ ਹੈ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ ਮੈਨੂੰ ਬੇਬੇ ਮਹਿੰਦਰ ਕੌਰ ਨੂੰ ਲੈ ਕੇ ਗਲਤਫਹਿਮੀ ਹੋਈ ਸੀ। ਸੁਫਨੇ ’ਚ ਵੀ ਹੋ ਇਹ ਨਹੀਂ ਸੋਚ ਸਕਦੀ ਕਿ ਅਜਿਹੀ ਕੋਈ ਕੰਟ੍ਰੋਵਰਸੀ ਬਣੇਗੀ। ਮੈਨੂੰ ਉਸ ਟਵੀਟ ਲਈ ਅਫਸੋਸ ਹੈ। ਮੈ ਮਹਿੰਦਰ ਕੌਰ ਦੇ ਪਤੀ ਦੇ ਨਾਲ ਵੀ ਗੱਲਬਾਤ ਕੀਤੀ ਹੈ।
ਮਾਤਾ ਮਹਿੰਦਰ ਕੌਰ ਦੇ ਵਕੀਲ ਰਣਬੀਰ ਸਿੰਘ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਵਿੱਚ ਜਦ ਐਮਪੀ ਕੰਗਨਾ ਰਣੌਤ ਪੇਸ਼ ਹੋਏ ਤਾਂ ਉਨ੍ਹਾਂ ਨੇ ਬੇਬੇ ਮਹਿੰਦਰ ਕੌਰ ਦੇ ਪਰਿਵਾਰ ਉਹਨਾਂ ਦੇ ਪਤੀ ਜੋ ਉੱਥੇ ਮੌਜੂਦ ਸਨ ਤੋਂ ਮੁਆਫੀ ਮੰਗੀ ਅਤੇ ਉਹਨਾਂ ਨੇ ਕਿਹਾ ਕਿ ਜਾਣੇ ਅਣਜਾਣੇ ਵਿੱਚ ਇਹ ਗੱਲ ਹੋਈ ਹੈ ਮੇਰਾ ਕੋਈ ਵੀ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਇਹ ਰੀਟਵੀਟ ਹੋਇਆ ਪਿਆ ਸੀ, ਪਰ ਮੈਂ ਫਿਰ ਵੀ ਇਸ ਗੱਲ ਦੀ ਮਾਫੀ ਮੰਗਦੀ ਹਾਂ। ਵਕੀਲ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਪਿਛਲੇ ਚਾਰ ਸਾਲਾਂ ਤੋਂ ਲੜਿਆ ਜਾ ਰਿਹਾ ਹੈ। ਅਗਲੀ ਪੇਸ਼ੀ 24 ਨਵੰਬਰ ਦੀ ਪਈ ਹੈ ਉਸ ਵਿੱਚ ਫਿਰ ਤੋਂ ਪੇਸ਼ ਹੋਣ ਲਈ ਕਿਹਾ ਹੈ ਪਰ ਉਹਨਾਂ ਦੇ ਵਕੀਲ ਵੱਲੋਂ ਪੇਸ਼ੀ ਤੋਂ ਨਿੱਜੀ ਤੌਰ ’ਤੇ ਛੋਟ ਮੰਗੀ ਗਈ ਸੀ ਜਿਸ ਦੀ ਅਸੀਂ ਵਿਰੋਧਤਾ ਅਦਾਲਤ ਵਿੱਚ ਕੀਤੀ ਕਿ ਜੇਕਰ ਕੋਈ ਮੈਡਮ ਨੂੰ ਪਾਰਲੀਮੈਂਟ ਵਿੱਚ ਜਾਂ ਕੋਈ ਹੋਰ ਵੱਡਾ ਕੰਮ ਹੈ ਫਿਰ ਤਾਂ ਪੇਸ਼ੀ ਤੋਂ ਮਾਫੀ ਦਿੱਤੀ ਜਾ ਸਕਦੀ ਹੈ ਨਹੀਂ ਤਾਂ ਇਹ ਕ੍ਰਿਮੀਨਲ ਕੇਸ ਹੈ ਇਸ ਵਿੱਚ ਜਰੂਰ ਪੇਸ਼ ਹੋਣਾ ਚਾਹੀਦਾ ਹੈ।
ਬੇਬੇ ਮਹਿੰਦਰ ਕੌਰ ਦੇ ਪਤੀ ਨੇ ਅਦਾਲਤ ਵਿੱਚ ਕਿਹਾ ਕਿ ਪਰਿਵਾਰ ਵਿੱਚ ਬੈਠ ਕੇ ਵੀ ਇਸ ਬਾਰੇ ਗੱਲ ਕਰਾਂਗੇ ਕਿਉਂਕਿ ਯੂਨੀਅਨ ਨਾਲ ਵੀ ਇਸ ਬਾਰੇ ਗੱਲ ਕਰਨੀ ਹੈ ਫੈਸਲਾ ਅਸੀਂ ਨਿੱਜੀ ਤੌਰ ’ਤੇ ਨਹੀਂ ਲੈ ਸਕਦੇ ਜੋ ਲੋਕ ਪਰਿਵਾਰ ਅਤੇ ਯੂਨੀਅਨ ਕਹੇਗੀ ਫਿਰ ਹੀ ਕੁੱਝ ਸੋਚਿਆ ਜਾਵੇਗਾ।
ਸਾਲ 2021 ਦੇ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ, ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਬਠਿੰਡਾ ਦੀ 87 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਬਾਰੇ ਇੱਕ ਟਿੱਪਣੀ ਕੀਤੀ ਸੀ। ਕੰਗਨਾ ਰਣੌਤ ਨੇ ਔਰਤ ਦੀ ਤੁਲਨਾ ਸ਼ਾਹੀਨ ਬਾਗ ਅੰਦੋਲਨ ਦੀ ਦਾਦੀ ਬਿਲਕੀਸ ਬਾਨੋ ਨਾਲ ਕੀਤੀ ਅਤੇ ਕਿਹਾ ਕਿ ਉਹ 100 ਰੁਪਏ ਪ੍ਰਤੀ ਵਿਅਕਤੀ ਲਈ ਵਿਰੋਧ ਪ੍ਰਦਰਸ਼ਨ ਕਰਦੀ ਹੈ। ਮਹਿੰਦਰ ਕੌਰ ਨੇ ਇਸ ਟਿੱਪਣੀ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ।
ਅਦਾਲਤ ਨੇ ਇਸ ਮਾਮਲੇ ਵਿੱਚ ਪਹਿਲਾਂ ਕੰਗਨਾ ਨੂੰ ਕਈ ਵਾਰ ਸੰਮਨ ਜਾਰੀ ਕੀਤੇ ਸਨ, ਪਰ ਉਹ ਪੇਸ਼ ਨਹੀਂ ਹੋਈ। ਕੰਗਨਾ ਦੇ ਵਕੀਲ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸਨੂੰ ਅਦਾਲਤ ਨੇ ਰੱਦ ਕਰ ਦਿੱਤਾ। ਅਦਾਲਤ ਨੇ ਹੁਣ ਕੰਗਨਾ ਨੂੰ 27 ਅਕਤੂਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਉਹ ਦੁਪਹਿਰ 2 ਵਜੇ ਤੋਂ ਬਾਅਦ ਅਦਾਲਤ ਵਿੱਚ ਪੇਸ਼ ਹੋਵੇਗੀ।
ਸੁਪਰੀਮ ਕੋਰਟ ਨੇ ਵੀ ਨਹੀਂ ਦਿੱਤੀ ਰਾਹਤ
ਕੰਗਨਾ ਰਣੌਤ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੋਵਾਂ ਵਿੱਚ ਕੇਸ ਖਾਰਜ ਕਰਨ ਲਈ ਪਟੀਸ਼ਨਾਂ ਦਾਇਰ ਕੀਤੀਆਂ, ਪਰ ਕਿਸੇ ਵੀ ਅਦਾਲਤ ਨੇ ਰਾਹਤ ਨਹੀਂ ਦਿੱਤੀ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਕੰਗਨਾ ਨੇ ਨਾ ਸਿਰਫ਼ ਟਵੀਟ ਰੀਟਵੀਟ ਕੀਤਾ ਹੈ ਬਲਕਿ ਮਸ਼ਹੂਰ ਬਜ਼ੁਰਗ ਔਰਤ ਬਾਰੇ ਇੱਕ ਵੱਖਰੀ ਟਿੱਪਣੀ ਵੀ ਸ਼ਾਮਲ ਕੀਤੀ ਹੈ। ਇਸ ਲਈ, ਮਾਮਲਾ ਹੇਠਲੀ ਅਦਾਲਤ ਵਿੱਚ ਹੈ, ਅਤੇ ਕੰਗਨਾ ਨੂੰ ਹੁਣ ਅੱਜ ਅਦਾਲਤ ਵਿੱਚ ਆਪਣਾ ਸਪੱਸ਼ਟੀਕਰਨ ਪੇਸ਼ ਕਰਨਾ ਪਵੇਗਾ।








