
ਲੋਹੀਆਂ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਦੀ ਭਤੀਜੀ ਅਤੇ ਕੌਂਸਲਰ ਰੇਖਾ ਰਾਣੀ ਪਤਨੀ ਗਿਆਨ ਸਿੰਘ ਦੀ ਪੁੱਤਰੀ ਨੇ ਅੱਜ ਦੁਪਹਿਰ ਪੱਖੇ ਨਾਲ ਫਾਹਾ ਲਾ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।
ਲੋਹੀਆਂ ਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕਾ ਦੀ ਮਾਤਾ ਰੇਖਾ ਰਾਣੀ ਨੇ ਦੱਸਿਆ ਕਿ ਉਸ ਦੀ ਪੁੱਤਰੀ ਲਵਪ੍ਰੀਤ ਕੌਰ ਜਿਸ ਦਾ ਕਰੀਬ ਇਕ ਸਾਲ ਪਹਲਾਂ ਵਿਆਹ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜਨਤਾ ਨਗਰ, ਲੁਧਿਆਣਾ ਨਾਲ ਹੋਇਆ ਸੀ। ਲੜਕਾ ਪਰਿਵਾਰ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਦਾਜ ਅਤੇ ਕਾਰ ਲਈ ਲੜਕੀ ਨੂੰ ਤਾਹਣੇ-ਮਿਹਣੇ ਮਾਰਨ ਲੱਗ ਗਏ ਸਨ ਅਤੇ ਲੜਕੀ ਦੀ ਕੁੱਟਮਾਰ ਕਰਦੇ ਸਨ । ਇਸ ਤੋਂ ਬਾਅਦ ਕੁਝ ਰਿਸ਼ਤੇਦਾਰਾਂ ਨੇ ਲੜਕੇ ਵਾਲਿਆਂ ਦਾ ਮਿੰਨਤ-ਤਰਲਾ ਕੀਤਾ ਕੇ ਲੜਕੀ ਵਾਲੇ ਘਰੋਂ ਗ਼ਰੀਬ ਹਨ ਅਤੇ ਉਹਨਾਂ ਨੇ ਪਹਿਲਾਂ ਹੀ ਆਪਣੀ ਹੈਸੀਅਤ ਤੋਂ ਵੱਧ ਖਰਚਾ ਕਰ ਦਿੱਤਾ ਹੈ। ਸੁਲਾਹ ਹੋਣ ਤੋਂ ਬਾਅਦ ਲੜਕੀ ਸਹੁਰੇ ਘਰ ਤੋਰ ਦਿੱਤੀ ਪਰ ਗਗਨਦੀਪ ਸਿੰਘ ਅਤੇ ਸੱਸ ਅਮਰਜੀਤ ਕੌਰ 26/10/22 ਨੂੰ ਫਿਰ ਤੋਂ ਲੜਕੀ ਨੂੰ ਪੇਕੇ ਘਰ ਛੱਡ ਗਏ ਅਤੇ ਕਹਿ ਦਿੱਤਾ ਕਿ ਅਗਰ ਸਹੁਰੇ ਘਰ ਵੱਸਣਾ ਹੋਇਆ ਤਾਂ ਨਵੀਂ ਬਰੀਜ਼ਾ ਕਾਰ ਲੈ ਕੇ ਆਵੇ ਨਹੀਂ ਤਾਂ ਨਾ ਆਵੇ । ਇਸ ਤੋਂ ਬਾਅਦ ਲਵਪ੍ਰੀਤ ਕੌਰ ਬਹੁਤ ਪਰੇਸ਼ਾਨ ਰਹਿਣ ਲੱਗ ਪਈ। ਅੱਜ ਗਗਨਦੀਪ ਸਿੰਘ ਦਾ ਲਵਪ੍ਰੀਤ ਨੂੰ ਫੋਨ ਆਇਆ ਕਿ ਅਸੀਂ ਨਕੋਦਰ ਕੋਰਟ ਵਿਚ ਆਏ ਹੋਏ ਹਾਂ ਅਤੇ ਆਪਣਾ ਪਰਿਵਾਰ ਲੈ ਆਓ ਅਤੇ ਸਾਡੇ ਨਾਲ ਤਲਾਕ ਦੀ ਗੱਲ ਕਰ ਲਵੋ । ਇਸ ਤੋਂ ਬਾਅਦ ਲਵਪ੍ਰੀਤ ਵੱਲੋਂ ਦੁਪਹਿਰ ਕਰੀਬ 1:30 ਵਜੇ ਛੱਤ ਉਪਰ ਬਣੇ ਕਮਰੇ ਵਿੱਚ ਪੱਖੇ ਨਾਲ ਪਰਨਾ ਬੰਨ੍ਹ ਫਾਹਾ ਲਗਾ ਲਿਆ ਅਤੇ ਆਪਣੀ ਜ਼ਿੰਦਗੀ ਸਮਾਪਤ ਕਰ ਦਿੱਤੀ ।









