ਮੋਦੀ ਵਲੋਂ ਵੱਡਾ ਐਲਾਨ: ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੋਏਗਾ, ਦੇਖੋ ਵੀਡੀਓ

ਪੀਐਮ ਨਰਿੰਦਰ ਮੋਦੀ ਅੱਜ ਐਤਵਾਰ ਨੂੰ ਮਨ ਕੀ ਬਾਤ ‘ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਏਅਰਪੋਰਟ ਦੇ ਨਾਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੋਵੇਗਾ। ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦਾ ਇਹ 93ਵਾਂ ਐਪੀਸੋਡ ਹੈ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਜ਼ਰੀਏ ਸੰਬੋਧਨ ਕਰਦਿਆਂ ਕਿਹਾ ਕਿ 28 ਸਤੰਬਰ ਨੂੰ ਅੰਮ੍ਰਿਤ ਮਹਾਉਤਸਵ ਦਾ ਇਕ ਵਿਸ਼ੇਸ਼ ਦਿਨ ਆ ਰਿਹਾ ਹੈ। ਇਸ ਦਿਨ ਅਸੀਂ ਭਾਰਤ ਮਾਂ ਦੇ ਵੀਰ ਸਪੂਤ ਸ਼ਹੀਦ ਭਗਤ ਸਿੰਘ ਦੀ ਜਯੰਤੀ ਮਨਾਵਾਂਗੇ।
ਪੀਐਮਓ ਵੱਲੋਂ ਟਵੀਟ ਕਰਦਿਆ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤ ਸਿੰਘ ਜੀ ਦੀ ਜਯੰਤੀ ਦੇ ਠੀਕ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰੂਪ ‘ਚ ਇਕ ਮਹੱਤਵਪੂਰਨ ਫ਼ੈਸਲਾ ਕੀਤਾ ਹੈ। ਇਹ ਤੈਅ ਕੀਤਾ ਗਿਆ ਹੈ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਂਅ ਹੁਣ ਸ਼ਹੀਦ ਭਗਤ ਸਿੰਘ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ। ਸ਼ਹੀਦਾਂ ਦੇ ਸਮਾਰਕ, ਉਨ੍ਹਾਂ ਦੇ ਨਾਂਅ ‘ਤੇ ਸਥਾਨਾਂ ਅਤੇ ਸੰਸਥਾਨਾਂ ਦੇ ਨਾਂਅ ਸਾਨੂੰ ਕਰਤੱਵ ਲਈ ਪ੍ਰੇਰਨਾ ਦਿੰਦੇ ਹਨ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਕਰਤੱਵਯਪਥ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦੀ ਸਥਾਪਨਾ ਜ਼ਰੀਏ ਵੀ ਅਜਿਹੀ ਹੀ ਇਕ ਕੋਸ਼ਿਸ਼ ਕੀਤੀ ਹੈ ਅਤੇ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ਤੋਂ ਚੰਡੀਗੜ੍ਹ ਏਅਰਪੋਰਟ ਦਾ ਨਾਂਅ ਇਸ ਦਿਸ਼ਾ ‘ਚ ਇਕ ਹੋਰ ਕਦਮ ਹੈ।
ਦੱਸ ਦਈਏ ਕਿ ਅੱਜ ਪੀਐਮ ਮੋਦੀ ਦੇ ਐਲਾਨ ਤੋਂ ਪਹਿਲਾਂ Chandigarh International airport ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਨੂੰ ਲੈ ਕੇ ਪੰਜਾਬ ਦੀ ਆਪ ਸਰਕਾਰ ਵੱਲੋਂ ਪਹਿਲਕਦਮੀ ਚੁੱਕੀ ਗਈ ਸੀ। ਇਸ ਮਾਮਲੇ ਉੱਤੇ ਅਗਸਤ ਮਹੀਨੇ ਪੰਜਾਬ ਅਤੇ ਹਰਿਆਣਾ ਵਿਚਾਲੇ ਸਮਝੌਤਾ ਹੋਇਆ ਸੀ। ਇਹ ਜਾਣਕਾਰੀ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵੱਲੋਂ 20 ਅਗਸਤ 2022 ਨੂੰ ਟਵੀਟ ਕਰਕੇ ਦਿੱਤੀ ਗਈ ਸੀ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੁਲਾਕਾਤ ਤੋਂ ਬਾਅਦ ਜਾਣਕਾਰੀ ਦਿੱਤੀ ਸੀ।
ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਕਿਹਾ ਸੀ ਕਿ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਮਹਾਨ ਸ਼ਹੀਦ ਦੇ ਨਾਂ ‘ਤੇ ਰੱਖਿਆ ਜਾਵੇਗਾ ਅਤੇ ਪੰਜਾਬ ਅਤੇ ਹਰਿਆਣਾ ਦੋਵੇਂ ਸਰਕਾਰਾਂ ਇਸ ‘ਤੇ ਸਹਿਮਤ ਹੋ ਗਈਆਂ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਨਿਰਮਾਣ ਅਤੇ ਆਧੁਨਿਕੀਕਰਨ ਵਿੱਚ ਹਰਿਆਣਾ ਸਰਕਾਰ, ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਯੋਗਦਾਨ ਹੈ।