ਮੁੰਬਈ ਪੁਲੀਸ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਢਿੱਲ ਨਹੀਂ ਵਰਤਦੀ ਭਾਵੇਂ ਉਲੰਘਣਾ ਕਰਨ ਵਾਲਾ ਕੋਈ ਵੀ ਹੋਵੇ। ਪਿਛਲੇ ਦਿਨੀਂ ਅਮਿਤਾਭ ਬੱਚਨ ਅਤੇ ਅਨੁਸ਼ਕਾ ਸ਼ਰਮਾ ਨੂੰ ਦੋਪਹੀਆ ਵਾਹਨਾਂ ਦੇ ਪਿੱਛੇ ਬੈਠ ਕੇ ਸਫ਼ਰ ਕਰਦਿਆਂ ਦੇਖਿਆ ਗਿਆ ਸੀ ਤੇ ਦੋਵਾਂ ਜਣਿਆਂ ਨੇ ਹੈਲਮੇਟ ਨਹੀਂ ਸੀ ਪਾਇਆ ਹੋਇਆ। ਐਤਵਾਰ ਨੂੰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਇੱਕ ਅਣਜਾਣ ਆਦਮੀ ਨਾਲ ਮੋਟਰਸਾਈਕਲ ਦੇ ਪਿੱਛੇ ਬੈਠੇ ਨਜ਼ਰ ਆ ਰਹੇ ਹਨ।
ਇਸ ਤਸਵੀਰ ਨਾਲ ਉਨ੍ਹਾਂ ਨੇ ਉਸ ਮੋਟਰਸਾਈਕਲ ਦੇ ਚਾਲਕ ਦਾ ਧੰਨਵਾਦ ਵੀ ਕੀਤਾ ਸੀ ਜਿਸ ਨੇ ਅਦਾਕਾਰ ਨੂੰ ਸ਼ੂਟਿੰਗ ‘ਤੇ ਸਮੇਂ ਸਿਰ ਪੁੱਜਦਾ ਕੀਤਾ ਸੀ। ਇਸ ਤਸਵੀਰ ਵਿੱਚ ਦੋਵਾਂ ਜਣਿਆਂ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਇਸੇ ਤਰ੍ਹਾਂ ਆਪਣੇ ਕਿਸੇ ਸਟਾਫ ਮੈਂਬਰ ਨਾਲ ਮੋਟਰਸਾਈਕਲ ‘ਤੇ ਸਫ਼ਰ ਕਰਦਿਆਂ ਅਨੁਸ਼ਕਾ ਸ਼ਰਮਾ ਨੇ ਵੀ ਹੈਲਮੇਟ ਨਹੀਂ ਸੀ ਪਾਇਆ ਹੋਇਆ। ਇਸ ਸਭ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਮੁੰਬਈ ਪੁਲੀਸ ਨੇ ਇਨ੍ਹਾਂ ਦੋਵਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਅਮਿਤਾਭ ਬੱਚਨ ਆਪਣੀ ਆਉਣ ਵਾਲੀ ਫਿਲਮ ‘ਪ੍ਰਾਜੈਕਟ ਕੇ’ ਵਿੱਚ ਨਜ਼ਰ ਆਉਣਗੇ।