
ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਸਬ-ਅਰਬਨ ਏਰੀਆ ਨੇਤੇਰੇ ‘ਚ ਬੀਤੇ ਮੰਗਲਵਾਰ 17 ਸਾਲ ਦੇ ਲੜਕੇ ਨਾਹੇਲ ਨੂੰ ਟ੍ਰੈਫਿਕ ਸਿਗਨਲ ‘ਤੇ ਨਾ ਰੁਕਣ ਤੋਂ ਬਾਅਦ ਪੁਲਸ ਨੇ ਗੋਲੀ ਮਾਰ ਦਿੱਤੀ ਸੀ, ਜਿਸ ‘ਚ ਉਸ ਦੀ ਮੌਤ ਹੋ ਗਈ। ਨਾਬਾਲਗ ਨੂੰ ਪੁਆਇੰਟ ਬਲੈਕ ਰੇਂਜ ਨਾਲ ਛਾਤੀ ‘ਚ ਗੋਲੀ ਮਾਰੀ ਗਈ। ਪਹਿਲਾ ਪੁਲਸ ਨੇ ਦੱਸਿਆ ਕਿ ਲੜਕੇ ਨੇ ਪੁਲਸ ਮੁਲਾਜ਼ਮ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ‘ਤੇ ਪੁਲਸ ਨੇ ਗੋਲੀ ਚਲਾਈ।
ਹਾਲਾਂਕਿ ਘਟਨਾ ਦਾ ਵੀਡੀਓ ਸਾਹਮਣੇ ਆਉਣ ਬਾਅਦ ਸਾਫ਼ ਹੋ ਗਿਆ ਕਿ ਪੁਲਸ ਝੂਠ ਬੋਲ ਰਹੀ ਹੈ। ਇਸ ਘਟਨਾ ਤੋਂ ਬਾਅਦ ਫਰਾਂਸ ‘ਚ ਹਿੰਸਾ ਸ਼ੁਰੂ ਹੋ ਗਈ। ਸੈਂਕੜੇ ਲੋਕ ਬੁੱਧਵਾਰ ਦੇਰ ਰਾਤ ਤੋਂ ਪੈਰਿਸ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਈ ਇਮਾਰਤਾਂ ਅਤੇ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਪੁਲਸ ‘ਤੇ ਵੀ ਪਥਰਾਅ ਕੀਤਾ।
ਉਥੇ ਹਾਲਾਤ ਤਣਾਅਪੂਰਨ ਹਨ। ਹਿੰਸਾ ਦੇ ਮਾਮਲੇ ‘ਚ ਪੁਲਸ ਨੇ 31 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਹਿੰਸਾ ਦੇ ਚਲਦੇ 24 ਪੁਲਸ ਮੁਲਾਜ਼ਮ ਜ਼ਖ਼ਮੀ ਵੀ ਹੋਏ ਹਨ। ਪੁਲਸ ਨੇ ਗੋਲੀ ਚਲਾਉਣ ਵਾਲੇ ਅਫਸਰ ਨੂੰ ਹਿਰਾਸਤ ‘ਚ ਲੈ ਲਿਆ ਹੈ।