Jalandhar

ਜਲੰਧਰ: ਥਰੀ ਸਟਾਰ ਕਾਲੋਨੀ ਚੋਂ 6 ਕਰੋੜ ਦੀ ਹੈਰੋਇਨ ਸਮੇਤ ਦੋ ਤਸਕਰ ਕਾਬੂ

ਜਲੰਧਰ / ਐਸ ਐਸ ਚਾਹਲ

ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਲੰਮਾ ਪਿੰਡ ਚੌਂਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਕਿ ਐਕਟਿਵਾ ਨੰਬਰ ਪੀਬੀ08 ਐਫ ਐਫ 8711 ਉੱਪਰ ਆਉਂਦੇ ਹੋਏ ਦੋ ਨੌਜਵਾਨਾਂ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਉਹ ਇਕਦਮ ਰੁਕ ਗਏ ਤੇ ਆਪਣੀ ਐਕਟਿਵਾ ਵਾਪਸ ਮੋੜਨ ਲੱਗੇ। ਇਸ ਦੌਰਾਨ ਉਨ੍ਹਾਂ ਦੀ ਐਕਟਿਵਾ ਸਲਿਪ ਕਰ ਗਈ ਤੇ ਦੋਵੇਂ ਹੇਠਾਂ ਡਿੱਗ ਪਏ

ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਜਦ ਪਿੱਛੇ ਮੁੜਨ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ। ਜਦ ਪੁਲਿਸ ਪਾਰਟੀ ਨੇ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਜਸਪ੍ਰੀਤ ਸਿੰਘ ਉਰਫ ਸਾਹਿਲ ਅਤੇ ਪੰਕਜ ਦੋਵੇਂ ਵਾਸੀ ਥਰੀ ਸਟਾਰ ਕਾਲੋਨੀ ਜਲੰਧਰ ਦੱਸਿਆ। ਜਦ ਪੁਲਿਸ ਪਾਰਟੀ ਨੇ ਉਹਨਾਂ ਦੀ ਐਕਟਿਵਾ ਦੀ ਤਲਾਸ਼ੀ ਲਈ ਤਾਂ ਐਕਟਿਵਾ ਦੀ ਡਿੱਗੀ ਵਿੱਚੋਂ ਪੁਲਿਸ ਨੂੰ ਹੈਰੋਇਨ ਮਿਲੀ, ਜਿਸ ਨੂੰ ਤੋਲਣ ਤੇ ਉਸਦਾ ਵਜਨ ਇੱਕ ਕਿਲੋ 200 ਗ੍ਰਾਮ ਨਿਕਲਿਆ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਛੇ ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੇ ਖਿਲਾਫ ਥਾਣਾ ਅੱਠ ਵਿੱਚ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿਛ ਲਈ ਪੁਲਿਸ ਰਿਮਾਂਡ ਲਿਆ ਜਾਵੇਗਾ।

Back to top button