JalandharPunjab

IELTS ਸੈਂਟਰਾਂ ਚ ਸਟੱਡੀ ਵੀਜ਼ਾ ਦੇ ਨਾਂ ‘ਤੇ ਚੱਲ ਰਿਹਾ ਕਾਲਾ ਗੋਰਖ ਧੰਦਾ

Kala Gorakh business running in the name of study visa in IELTS centers

ਮਲੋਟ ਵਿਖੇ ਵੀ ਆਈਲੈਟਸ ਸੈਂਟਰਾਂ ’ਤੇ ਸਟੱਡੀ ਵੀਜ਼ਾ ਸਲਾਹਕਾਰਾਂ ਦੀ ਆੜ ਵਿਚ ਗੈਰ-ਕਨੂੰਨੀ ਤੌਰ ’ਤੇ ਫਰਜ਼ੀ ਟ੍ਰੈਵਲ ਏਜੰਸੀ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ। ਇਨ੍ਹਾਂ ਸੈਂਟਰਾਂ ਦਾ ਭਾਵੇਂ ਮੁੱਖ ਕੰਮ ਸਟੱਡੀ ਵੀਜ਼ੇ ਲਈ ਗਾਈਡ ਕਰਨਾ ਅਤੇ ਵਿਦਿਆਰਥੀਆਂ ਨੂੰ ਆਫ਼ਰ ਲੈਟਰ ਮੰਗਵਾਉਣ ਤੱਕ ਸੀਮਤ ਹੁੰਦਾ ਹੈ ਪਰ ਅਕਸਰ ਇਹ ਸ਼ਿਕੰਜੇ ’ਚ ਫਸੇ ਕਈ ਵਿਦਿਆਰਥੀਆਂ ਨੂੰ ਓਨੀ ਦੇਰ ਨਹੀਂ ਛੱਡਦੇ, ਜਿੰਨੀ ਦੇਰ ਇਹ ਪੂਰੀ ਤਰ੍ਹਾਂ ਛਿੱਲ ਨਹੀਂ ਲੈਂਦੇ। ਇਨ੍ਹਾਂ ਵੱਲੋਂ ਜਿੱਥੇ ਵਿਦਿਆਰਥੀਆਂ ਤੋਂ ਵਿੱਦਿਅਕ ਯੋਗਤਾ ਵਿਚ ਮਾਮੂਲੀ ਘਾਟ ਸਮੇਤ ਖਾਮੀਆਂ ਨੂੰ ਪੂਰਾ ਕਰਨ ਦੀ ਆੜ ਵਿਚ ਲੱਖਾਂ ਰੁਪਏ ਠੱਗੇ ਜਾਂਦੇ ਹਨ, ਉਥੇ ਹੀ ਫਰਜ਼ੀ ਫੰਡ ਸ਼ੋਅ ਕਰਨ ਅਤੇ ਵਰਕ ਪਰਮਿਟ ਦੀ ਆੜ ਵਿਚ ਟੂਰਿਸਟ ਵੀਜ਼ੇ ’ਤੇ ਬਾਹਰ ਭੇਜਣ ਦਾ ਕਾਲਾ ਧੰਦਾ ਵੱਡੇ ਪੱਧਰ ‘ਤੇ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਬੇਧਿਆਨੀ ਕੀਤੀ ਜਾ ਰਹੀ ਹੈ।

ਪੰਜਾਬ ਦੇ ਬਾਕੀ ਹਿੱਸਿਆ ਵਾਂਗ ਇਸ ਖੇਤਰ ਵਿਚ ਵੀ ਵਿਦਿਆਰਥੀਆਂ ਵਿਚ ਸਟੱਡੀ ਵੀਜ਼ੇ ਰਾਹੀਂ ਵਿਦੇਸ਼ ਜਾਣ ਦਾ ਰੁਝਾਨ ਜ਼ੋਰਾਂ ’ਤੇ ਹੈ। ਵੱਡੇ-ਵੱਡੇ ਬੋਰਡਾਂ ਅਤੇ ਸੋਸ਼ਲ ਮੀਡੀਆ ’ਤੇ ਪ੍ਰਚਾਰ-ਪ੍ਰਸਾਰ ਰਾਹੀਂ ਇਹ ਬਾਹਰ ਜਾਣ ਦੇ ਚਾਹਵਾਨਾਂ ਦਾ ਧਿਆਨ ਖਿੱਚਦੇ ਹਨ। ਵੱਡੇ-ਵੱਡੇ ਬੋਰਡਾਂ ’ਤੇ ਆਲੀਸ਼ਾਨ ਦਫ਼ਤਰ ਬਣਾ ਕੇ ਲੋਕਾਂ ਲਈ ਖਿੱਚ ਬਣਾਉਣ ਵਾਲੇ ਇਨ੍ਹਾਂ ਸੈਂਟਰਾਂ ’ਚੋਂ ਕਈ ਤਾਂ ਆਈਲੈਟਸ ਸੈਂਟਰ ਦੀ ਮਨਜ਼ੂਰੀ ਹੋਣ ਸਬੰਧੀ ਸ਼ਰਤਾਂ ਨਹੀਂ ਪੂਰੀਆਂ ਕਰਦੇ। ਅਕਸਰ ਆਈਲੈਟਸ ਕਰਨ ਵਾਲੇ ਵਿਦਿਆਰਥੀਆਂ ਕੋਲ ਵੀ ਕਈ ਵਾਰ ਲੋੜੀਂਦੀ ਵਿੱਦਿਅਕ ਯੋਗਤਾ ਸਬੰਧੀ ਪੇਪਰਾਂ ਵਿਚ ਕਮੀ, ਫੰਡਾਂ ਦੀ ਘਾਟ ਸਮੇਤ ਕੋਈ ਨਾ ਕੋਈ ਖਾਮੀ ਹੁੰਦੀ ਹੈ, ਜਿਸ ਦਾ ਫਾਇਦਾ ਉਠਾ ਕੇ ਇਹ ਏਜੰਟ ਯੋਗਤਾ ਜਾਂ ਫੰਡਾਂ ਸਬੰਧੀ ਫਰਜ਼ੀ ਡਾਕੂਮੈਂਟ ਲਾ ਕੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਹੜੱਪਦੇ ਹਨ।

ਵਿਦਿਆਰਥੀਆਂ ਤੇ ਮਾਪਿਆਂ ਦਾ ਧਿਆਨ ਖਿੱਚਣ ਲਈ ਅਕਸਰ ਟੂਰਿਸਟ ਵੀਜ਼ੇ ਵਾਲੀਆਂ ਫੋਟੋਆਂ ਧੜਾਧੜ ਸੋਸ਼ਲ ਮੀਡੀਆ ’ਤੇ ਪਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਕਈ ਏਜੰਟਾਂ ਵੱਲੋਂ ਤਾਂ ਵਿਦਿਆਰਥੀਆਂ ਨਾਲ ਸਟੱਡੀ ਵੀਜ਼ੇ ਲਈ ਉਕਾ ਪੁੱਕਾ ਠੇਕਾ ਮਾਰਨ ਦਾ ਵੀ ਕੰਮ ਚੱਲਦਾ ਹੈ, ਜਿਸ ਲਈ ਵਿਦਿਆਰਥੀਆਂ ਤੋਂ ਫੀਸ ਤੋਂ ਇਲਾਵਾ ਲੱਖਾਂ ਰੁਪਏ ਵਸੂਲੇ ਜਾਂਦੇ ਹਨ, ਜਿਸ ਨਾਲ ਇਕ ਵਾਰ ਵੀਜ਼ਾ ਤਾਂ ਆ ਜਾਂਦਾ ਹੈ ਪਰ ਅਕਸਰ ਬਾਅਦ ਵਿਚ ਵਿਦਿਆਰਥੀਆਂ ਨੂੰ ਬਾਹਰ ਜਾ ਕੇ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਮੇਂ ਵਿਚ ਕੈਨੇਡਾ ਵਰਗੇ ਦੇਸ਼ਾਂ ਵਿਚ ਅਜਿਹੇ ਕੇਸਾਂ ਕਰਕੇ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਵੀ ਲੱਗ ਗਿਆ ਸੀ ਪਰ ਇਸ ਧੰਦੇ ਨਾਲ ਪਿਛਲੇ ਸਾਲਾਂ ਵਿਚ ਅਨੇਕਾਂ ਏਜੰਟਾਂ ਦਾ ਵਾਰੇ ਨਿਆਰੇ ਹੋਏ ਹਨ, ਜਿਸ ਦੀ ਜਾਂਚ ਕਰਨ ਦੀ ਲੋੜ ਹੈ।

Back to top button