IndiaHealth

ਸਰਕਾਰੀ ਹਸਪਤਾਲ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੁੱਲੀ: ਯੂਰਿਨ ਬੈਗ ਦੀ ਥਾਂ ਮਰੀਜ਼ ਨੂੰ ਲਾਈ ਕੋਲਡ ਡਰਿੰਕ ਦੀ ਬੋਤਲ

ਦੇਸੀ ਜੁਗਾੜ ਦੀਆਂ ਕਈ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਪਰ ਇਸ ਵਾਰ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੀ ਹਾਂ, ਬਿਹਾਰ ਦੇ ਇੱਕ ਹਸਪਤਾਲ ਵਿੱਚ ਇੱਕ ਮਰੀਜ਼ ਦਾ ਦੇਸੀ ਜੁਗਾੜ ਨਾਲ ਇਲਾਜ ਕੀਤਾ ਜਾ ਰਿਹਾ ਸੀ, ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ।

ਇੱਥੇ ਹਸਪਤਾਲ ਵਿੱਚ ਦਾਖ਼ਲ ਇੱਕ ਮਰੀਜ਼ ਨੂੰ ਪਿਸ਼ਾਬ ਦੇ ਥੈਲੇ ਦੀ ਥਾਂ ਕੋਲਡ ਡਰਿੰਕ ਦੀ ਬੋਤਲ ਲਾ ਕੇ ਰੱਬ ਆਸਰੇ ਛੱਡ ਦਿੱਤਾ ਗਿਆ। ਇਸ ਦੌਰਾਨ ਕਿਸੇ ਨੇ ਇਸ ਮਰੀਜ਼ ਦੀ ਵੀਡੀਓ ਬਣਾ ਕੇ ਹਸਪਤਾਲ ਦੇ ਸਾਰੇ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਬਿਹਾਰ ਦੇ ਜਮੁਈ ਜ਼ਿਲ੍ਹੇ ਦਾ ਹੈ। ਜਿੱਥੇ ਜੁਗਾੜ ਲਾ ਕੇ ਇੱਕ ਮਰੀਜ਼ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਗਈ। ਦਰਅਸਲ ਇੱਥੇ ਬੇਹੋਸ਼ ਹੋਣ ਤੋਂ ਬਾਅਦ ਇੱਕ ਮਰੀਜ਼ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਸ ਮਰੀਜ਼ ਨੂੰ ਯੂਰਿਨ ਬੈਗ ਦੀ ਬਜਾਏ ਕੋਲਡ ਡਰਿੰਕ ਦੀ ਬੋਤਲ ਦੇ ਦਿੱਤੀ ਗਈ। ਵੀਡੀਓ ਵਾਇਰਲ ਹੋਣ ‘ਤੇ ਦੱਸਿਆ ਗਿਆ ਕਿ ਹਸਪਤਾਲ ‘ਚ ਪਿਸ਼ਾਬ ਦੀਆਂ ਥੈਲੀਆਂ ਖ਼ਤਮ ਹੋ ਗਈਆਂ ਹਨ।

ਇੱਕ ਪਾਸੇ ਜਿੱਥੇ ਸੂਬਾ ਸਰਕਾਰ ਸਿਹਤ ਵਿਵਸਥਾ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹੇ ਦੇ ਵੱਡੇ ਸਰਕਾਰੀ ਹਸਪਤਾਲਾਂ ਵਿੱਚੋਂ ਅਜਿਹੀ ਲਾਪਰਵਾਹੀ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਵੀਡੀਓ ‘ਚ ਮਰੀਜ਼ ਬੇਹੋਸ਼ੀ ਦੀ ਹਾਲਤ ‘ਚ ਬੈੱਡ ‘ਤੇ ਪਿਆ ਨਜ਼ਰ ਆ ਰਿਹਾ ਹੈ।

Back to top button