Uncategorized

DM ਗਗਨਦੀਪ ਰੰਧਾਵਾ ਦੀ ਮੌਤ ਤੋਂ ਬਾਅਦ ਉਸ ਦੇ ਘਰ ਦੀ ਕੱਟੀ ਬਿਜਲੀ,ਲਾਲਜੀਤ ਭੁੱਲਰ ਦਾ 3 ਦਿਨ ਲਈ ਹੋਰ ਵਧਿਆ ਰਿਮਾਂਡ

Electricity cut off at deceased DM Gagandeep Randhawa's house after his death - Jakhar

Electricity cut off at deceased DM Gagandeep Randhawa’s house after his death – Jakhar

ਮ੍ਰਿਤਕ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਜੁੜਿਆ ਇੱਕ ਹੋਰ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਘਰ ਦੀ ਬਿਜਲੀ ਦੀਆਂ ਤਾਰਾਂ ਜਾਣਬੁੱਝ ਕੇ ਕੱਟੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਸੁਰੱਖਿਆ ਸਬੰਧੀ ਚਿੰਤਾ ਜਤਾਈ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਪਰਿਵਾਰਕ ਮੈਂਬਰ ਵਰਿੰਦਰ ਪਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ‘ਸ਼ਾਮ ਦੇ ਸਮੇਂ ਜਦੋਂ ਪੁਲਿਸ ਘਰ,ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਲਈ ਆਈ ਤਾਂ ਉਸੇ ਵੇਲੇ ਘਰ ਦੀ ਬਿਜਲੀ ਅਚਾਨਕ ਬੰਦ ਹੋ ਗਈ। ਪਹਿਲਾਂ ਸਾਨੂੰ ਲੱਗਿਆ ਕਿ ਇਹ ਆਮ ਦਿਨਾਂ ਵਾਂਗ ਬਿਜਲੀ ਕੱਟ ਹੋਈ ਹੈ, ਕੁਝ ਸਮੇਂ ਤੱਕ ਆ ਜਾਵੇਗੀ ਜਾਂ ਫਿਰ ਕੋਈ ਤਕਨੀਕੀ ਖਰਾਬੀ ਹੋਵੇਗੀ ਪਰ ਜਦੋਂ ਅਸੀਂ ਰਾਤ ਦੇ ਸਮੇਂ ਇਲਾਕੇ ਦੇ ਹੋਰ ਘਰਾਂ ਵਿੱਚ ਬਿਜਲੀ ਜਗਦੀ ਅਤੇ ਆਪਣੇ ਘਰ ਹਨੇਰਾ ਦੇਖਿਆ ਤਾਂ ਸ਼ੱਕ ਹੋਇਆ। ਇਸ ਤੋਂ ਬਾਅਦ ਘਰ ਦੀ ਜਾਂਚ ਕੀਤੀ ਅਤੇ ਇੱਕ ਇਲੈਕਟ੍ਰੀਸ਼ਨ ਨੂੰ ਬੁਲਾਇਆ ਗਿਆ । ਇਲੈਕਟ੍ਰੀਸ਼ਨ ਨੇ ਮੀਟਰ ਦੇ ਕੋਲ ਜਾਂਚ ਕਰਕੇ ਦੱਸਿਆ ਕਿ ਘਰ ਨੂੰ ਜਾਣ ਵਾਲੀਆਂ ਤਾਰਾਂ ਕੱਟੀਆਂ ਹੋਈਆਂ ਹਨ।

ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਡੀਸੀਪੀ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲਿਸ ਵੱਲੋਂ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਪਰਿਵਾਰ ਦੇ ਮੁਤਾਬਿਕ ਕੈਮਰਿਆਂ ਵਿੱਚ ਦੋ ਵਿਅਕਤੀ ਦਿਖਾਈ ਦੇ ਰਹੇ ਹਨ ਜੋ ਆ ਕੇ ਬਿਜਲੀ ਦੀਆਂ ਤਾਰਾਂ ਕੱਟ ਕੇ ਚਲੇ ਗਏ।

ਮੁੱਖ ਮੰਤਰੀ ਮਾਨ ਨੂੰ ਅਪੀਲ

ਵਰਿੰਦਰ ਪਾਲ ਨੇ ਕਿਹਾ ਕਿ ‘ਇਹ ਕੰਮ ਬਿਜਲੀ ਵਿਭਾਗ ਦੇ ਕਿਸੇ ਕਰਮਚਾਰੀ ਵੱਲੋਂ ਕੀਤਾ ਗਿਆ ਨਹੀਂ ਲੱਗਦਾ, ਸਗੋਂ ਇਹ ਕਿਸੇ ਦੀ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ। ਕੁਝ ਲੋਕ ਪਰਿਵਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਇਸ ਮਾਮਲੇ ਵਿੱਚ ਉਲਝੇ ਰਹਿਣ। ਹੋ ਸਕਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਅਜੇ ਤੱਕ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ, ਸੰਭਵ ਹੈ ਕਿ ਉਹ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਰਾਹੀਂ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।’

‘ਪਰਿਵਾਰ ਨੂੰ ਖ਼ਤਰਾ’
ਮ੍ਰਿਤਕ ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਭਰਾ ਨੇ ਦੱਸਿਆ ਕਿ ‘ਅਸੀਂ ਪਹਿਲੇ ਦਿਨ ਤੋਂ ਹੀ ਖਤਰੇ ਦਾ ਸ਼ੱਕ ਜਤਾ ਰਹੇ ਹਾਂ, ਹਾਲਾਂਕਿ ਪੁਲਿਸ ਵੱਲੋਂ ਵੇਲੇ ਘਰ ਦੇ ਬਾਹਰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਪਰਿਵਾਰ ਦੀ ਰੱਖਿਆ ਲਈ ਮੌਜੂਦ ਹਨ।’

‘ਸੂਬਾ ਸਰਕਾਰ ‘ਤੇ ਨਿਸ਼ਾਨਾ’

  ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਾਮਲੇ ਸਬੰਧੀ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦਿਆਂ ਨੈਤਿਕਤਾ ਦਾ ਪਾਠ ਪੜ੍ਹਾਇਆ। ਉਨ੍ਹਾਂ ਸੋਸ਼ਲ ਮੀਡੀਆ ਅਕਾਉਂਟ ‘ਤੇ ਲਿਖਿਆ ਕਿ ‘ਡੀ ਐਮ ਗਗਨਦੀਪ ਰੰਧਾਵਾ ਦੇ ਘਰ ਦੀਆਂ ਬਿਜਲੀ ਦੀਆਂ ਤਾਰਾਂ ਕੱਟੀਆਂ ਗਈਆਂ ਤੇ ਘਰ ਦੇ ਬਾਹਰ ਸ਼ੱਕੀ ਲੋਕ ਵੇਖੇ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੁਹਾਡੀ ਸਰਕਾਰ ਦੇ ਰਾਜ ਵਿੱਚ ਇਹ ਕੁਝ ਹੋ ਰਿਹਾ ਹੈ। ਕੀ ਤੁਹਾਡੀ ਸਰਕਾਰ ਇਸ ਪੱਧਰ ਤੱਕ ਹੇਠਾਂ ਡਿੱਗੇਗੀ। ਕੀ ਥੋੜ੍ਹੀ ਬਹੁਤ ਵੀ ਨੈਤਿਕਤਾ ਬਚੀ ਹੈ। ਪਹਿਲਾਂ ਤੁਹਾਡੇ ਮੰਤਰੀ ਨੇ ਡੀਐਮ ਗਗਨਦੀਪ ਸਿੰਘ ਨੂੰ ਮਾਨਸਿਕ ਤੌਰ ‘ਤੇ ਇਸ ਕਦਰ ਪਰੇਸ਼ਾਨ ਕੀਤਾ ਕਿ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਏ ਅਤੇ ਹੁਣ ਤੁਹਾਡੇ ਰਾਜ ਵਿੱਚ ਇਨਸਾਫ ਲਈ ਲੜ ਰਹੇ ਪਰਿਵਾਰ ਨੂੰ ਤੋੜਨ ਲਈ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ। 

ਲਾਲਜੀਤ ਭੁੱਲਰ ਦਾ ਰਿਮਾਂਡ 3 ਦਿਨ ਲਈ ਹੋਰ ਵਧਿਆ

ਅੰਮ੍ਰਿਤਸਰ ਵੇਅਰਹਾਊਸ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਦੁਬਾਰਾ ਪੇਸ਼ ਕੀਤਾ ਗਿਆ ਸੀ। ਜਿੱਥੇ ਅਦਾਲਤ ਨੇ ਸੁਣਵਾਈ ਤੋਂ ਬਾਅਦ ਭੁੱਲਰ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦਿੱਤੇ ਹਨ। 

ਇਸ ਤੋਂ ਪਹਿਲਾਂ ਕੇਸ ਦਰਜ ਹੋਣ ਮਗਰੋਂ ਤਿੰਨਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਪੁਲਿਸ ਨੂੰ ਪੰਜ ਦਿਨਾਂ ਦਾ ਰਿਮਾਂਡ ਮਿਲਿਆ ਸੀ। ਇਸ ਸਮੇਂ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਨਾਲ  ਪੁੱਛਗਿੱਛ ਕੀਤੀ ਗਈ ਅਤੇ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਪੁੱਛਗਿੱਛ ਦੌਰਾਨ ਇਕੱਠੇ ਕੀਤੇ ਸਬੂਤ, ਦਸਤਾਵੇਜ਼ ਅਤੇ ਹੋਰ ਜਾਣਕਾਰੀ ਅਦਾਲਤ ਦੇ ਸਾਹਮਣੇ ਰੱਖੀ।

ਪੁਲਿਸ ਨੇ ਦਲੀਲ ਦਿੱਤੀ ਕਿ ਜਾਂਚ ਦੌਰਾਨ ਕਈ ਅਹਿਮ ਪਹਿਲੂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਹੋਰ ਡੂੰਘਾਈ ਨਾਲ ਪੜਤਾਲ ਕਰਨ ਦੀ ਲੋੜ ਹੈ। ਇਸੇ ਆਧਾਰ ‘ਤੇ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਅਦਾਲਤ ਨੇ ਉਨ੍ਹਾਂ ਦਾ ਪੁਲਿਸ ਰਿਮਾਂਡ ਤਿੰਨ ਦਿਨਾਂ ਲਈ ਹੋਰ ਵਧਾ ਦਿੱਤਾ ਹੈ।

Back to top button