AAP ਵਿਧਾਇਕ ਰਮਨ ਅਰੋੜਾ ਦੀ ਸਿਹਤ ਵਿਗੜੀ, ਅੰਮ੍ਰਿਤਸਰ ਹਸਪਤਾਲ ਰੈਫਰ
MLA Raman Arora's health deteriorated, referred to Amritsar hospital

MLA Raman Arora’s health deteriorated, referred to Amritsar hospital
ਵਿਧਾਇਕ ਰਮਨ ਅਰੋੜਾ ਦੀ ਸਿਹਤ ਵਿਗੜੀ, ਅੰਮ੍ਰਿਤਸਰ ਹਸਪਤਾਲ ਰੈਫਰ ਕੀਤਾ ਗਿਆ
ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਬਾਰੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਨੂੰ ਛਾਤੀ ਵਿੱਚ ਦਰਦ ਕਾਰਨ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਦਰਅਸਲ ਕੁਝ ਸਮਾਂ ਪਹਿਲਾਂ ਰਮਨ ਅਰੋੜਾ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੈੱਕਅੱਪ ਲਈ ਜਲੰਧਰ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਪਰ ਉੱਥੇ ਦਿਲ ਦੇ ਮਾਹਰ ਦੀ ਘਾਟ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਮੁਸ਼ਕਿਲਾਂ ਵਧਣਗੀਆਂ , ਹੈਰਾਨੀਜਨਕ ਕਈ ਮਾਮਲੇ ਸਾਹਮਣੇ
ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਹੱਕ ਵਿਚ ਕਿਸੇ ਵੀ ‘ਆਪ’ ਆਗੂ ਜਾਂ ਵਰਕਰ ਨੇ ਆਵਾਜ਼ ਨਹੀਂ ਉਠਾਈ, ਜਿਨ੍ਹਾਂ ਨੂੰ ਰਾਮਾ ਮੰਡੀ ਥਾਣੇ ਦੀ ਪੁਲਸ ਨੇ ਟਰੱਕ ਪਾਰਕਿੰਗ ਠੇਕੇਦਾਰ ਤੋਂ ਹਰ ਮਹੀਨੇ ਪੈਸੇ ਵਸੂਲਣ ਦੇ ਮਾਮਲੇ ਵਿਚ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ। ਹਾਲਾਂਕਿ ਜਲੰਧਰ ਕੇਂਦਰੀ ਹਲਕੇ ਵਿਚ ਸੀਨੀਅਰ ਡਿਪਟੀ ਮੇਅਰ ਤੋਂ ਲੈ ਕੇ ਕਈ ਕੌਂਸਲਰ ਹਨ, ਜਿਨ੍ਹਾਂ ਨੂੰ ਰਮਨ ਅਰੋੜਾ ਨੇ ‘ਆਪ’ ‘ਚ ਲਿਆਂਦਾ ਸੀ।
ਇੰਨਾ ਹੀ ਨਹੀਂ ਨਗਰ ਨਿਗਮ ਚੋਣਾਂ ਵਿਚ ਉਨ੍ਹਾਂ ਨੂੰ ਟਿਕਟਾਂ ਦਵਾ ਕੇ ਕੌਂਸਲਰ ਬਣਾਉਣ ਵਿਚ ਵੀ ਆਪਣੀ ਵੱਡੀ ਭੂਮਿਕਾ ਨਿਭਾਈ ਸੀ ਪਰ ਇਸ ਦੇ ਬਾਵਜੂਦ ਵੀ ਪਿਛਲੇ 4 ਮਹੀਨੇ ਤੋਂ ਅੱਜ ਤੱਕ ਕਿਸੇ ਇਕ ਵੀ ਕੌਂਸਲਰ ਨੇ ਇਹ ਨਹੀਂ ਕਿਹਾ ਕਿ ਰਮਨ ਅਰੋੜਾ ਨਾਲ ਜੋ ਹੋ ਰਿਹਾ ਹੈ, ਉਹ ਗ਼ਲਤ ਹੋ ਰਿਹਾ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਆਪਣੇ ਹੀ ਉਸ ਦੇ ਵਿਰੋਧ ਵਿਚ ਸਨ ਪਰ ਉਹ ਸਿਰਫ਼ ਸਮੇਂ ਦੇ ਇੰਤਜ਼ਾਰ ਵਿਚ ਸਨ। ਉਹ ਤਾਂ ਇਹ ਕਹਿ ਰਹੇ ਹਨ ਕਿ ਜਿਵੇਂ ਰਮਨ ਅਰੋੜਾ ਲੋਕਾਂ ਨਾਲ ਕਰਦਾ ਸੀ, ਉਸੇ ਤਰ੍ਹਾਂ ਦਾ ਹੀ ਅੱਜ ਉਸ ਨੂੰ ਭੁਗਤਨਾ ਪੈ ਰਿਹਾ ਹੈ। ਰਮਨ ਅਰੋੜਾ ਦੇ ਪਰਿਵਾਰ ਨੂੰ ਅਜਿਹੀ ਉਮੀਦ ਨਹੀਂ ਸੀ ਕਿ ਜਿਨ੍ਹਾਂ ਨੂੰ ਉਹ ‘ਆਪ’ ਵਿਚ ਲੈ ਕੇ ਆਏ ਸਨ ਉਹ ਮੁਸ਼ਕਿਲ ਦੀ ਘੜੀ ਵਿਚ ਉਸ ਦਾ ਸਾਥ ਨਹੀਂ ਦੇਣਗੇ। 3 ਦਿਨ ਦੇ ਪੁਲਸ ਰਿਮਾਂਡ ਦੌਰਾਨ ਰਮਨ ਅਰੋੜਾ ਨੂੰ ਥਾਣਾ ਜਲੰਧਰ ਕੈਂਟ ਦੀ ਹਿਰਾਸਤ ਵਿਚ ਰਖਿਆ ਗਿਆ ਤੇ ਉਸ ਕੋਲੋਂ ਉਸ ਖ਼ਿਲਾਫ਼ ਰਮੇਸ਼ ਕੁਮਾਰ ਪਾਰਕਿੰਗ ਠੇਕੇਦਾਰ ਵੱਲੋਂ ਦਰਜ ਕਰਵਾਈ ਗਈ ਐੱਫ਼. ਆਈ. ਆਰ. ਨੰ. 253 ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਸ ਦਾ ਦਾਅਵਾ ਹੈ ਜਲੰਧਰ ਸੈਂਟਰਲ ਹਲਕੇ ਵਿਚ ਰਮਨ ਅਰੋੜਾ ਵੱਲੋਂ ਲੋਕਾਂ ਤੋਂ ਜਬਰਨ ਕੀਤੀ ਜਾ ਰਹੀ ਵਸੂਲੀ ਦੇ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦਾ ਖੁਲਾਸਾ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ, ਜਿਸ ਨਾਲ ਰਮਨ ਅਰੋੜਾ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ।
ਐੱਸ. ਐੱਚ. ਓ. ਰਾਮਾ ਮੰਡੀ ਮਨਜਿੰਦਰ ਸਿੰਘ ਬੱਸੀ ਨੇ ਕਿਹਾ ਕਿ ਰਮਨ ਅਰੋੜਾ ਵੱਲੋਂ ਪੁੱਛਗਿੱਛ ਵਿਚ ਪੁਲਸ ਨੂੰ ਸਹਿਯੋਗ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੇ ਖਿਲਾਫ ਕਾਫੀ ਕੁਝ ਦੱਸਣਾ ਚਾਹੁੰਦੇ ਹਨ ਪਰ ਕੋਈ ਖੁੱਲ੍ਹ ਕੇ ਸਾਹਮਣੇ ਆਉਣ ਨਹੀਂ ਆ ਰਿਹਾ ਹੈ।
ਕੋਰਟ ਤੋਂ ਆਰਡਰ ਲੈ ਕੇ ਵਕੀਲ ਮੁਖਤਿਆਰ ਮੁਹੰਮਦ ਵੱਲੋਂ ਵਿਧਾਇਕ ਰਮਨ ਅਰੋੜਾ ਨਾਲ ਮੁਲਾਕਾਤ ਕੀਤੀ ਗਈ। ਅੱਧੇ ਘੰਟੇ ਦੀ ਇਸ ਮੁਲਾਕਾਤ ਵਿਚ ਰਮਨ ਅਰੋੜਾ ਨੇ ਆਪਣੇ ਵਕੀਲ ਨੂੰ ਦੱਸਿਆ ਕਿ ਉਸ ਨੂੰ ਪੁਲਸ ਹਿਰਾਸਤ ਵਿਚ ਖਾਣਾ ਸਹੀਂ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਸ ਦੀ ਸਿਹਤ ਖ਼ਰਾਬ ਹੋ ਰਹੀ ਹੈ। ਇਸ ਤੋਂ ਇਲਾਵਾ ਐਡਵੋਕੇਟ ਮੁਖਤਿਆਰ ਮੁਹੰਮਦ ਵੱਲੋਂ ਵੀ ਕਈ ਗੱਲਾਂ ਰਮਨ ਅਰੋੜਾ ਨਾਲ ਕੀਤੀਆਂ ਗਈਆਂ। ਵਕੀਲ ਵੱਲੋਂ ਰਮਨ ਅਰੋੜਾ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਪੁਲਸ ਵੱਲੋਂ ਰਮਨ ਅਰੋੜਾ ਦਾ ਚੈੱਕਅਪ ਕਰਵਾਇਆ ਗਿਆ ਅਤੇ ਰਿਪੋਰਟ ਵਿਚ ਉਹ ਬਿਲਕੁਲ ਠੀਕ ਪਾਏ ਗਏ। ਉਸ ਨੂੰ ਦਿੱਤੇ ਜਾ ਰਹੇ ਖਾਣੇ ’ਤੇ ਵਕੀਲ ਵੱਲੋਂ ਚੁੱਕੇ ਗਏ ਸਵਾਲ ’ਤੇ ਪੁਲਸ ਨੇ ਰਮਨ ਅਰੋੜਾ ਨੂੰ ਸਹੀ ਖਾਣਾ ਪੁਲਸ ਹਿਰਾਸਤ ਵਿਚ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ। ਰਮਨ ਅਰੋੜਾ ਦੇ ਵਕੀਲ ਵੱਲੋਂ ਸ਼ੁੱਕਰਵਾਰ ਜ਼ਰੂਰ ਉਸ ਨਾਲ ਮੁਲਾਕਾਤ ਕੀਤੀ ਗਈ ਪਰ ਉਸ ਦੇ ਪਰਿਵਾਰ ਸਮੇਤ ਕਿਸੇ ਵੀ ਹੋਰ ਨੂੰ ਉਸ ਨਾਲ ਮਿਲਣ ਦੀ ਪੁਲਸ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਕੋਰਟ ਦੇ ਹੁਕਮਾਂ ਤੋਂ ਬਿਨਾਂ ਕੋਈ ਵੀ ਰਮਨ ਅਰੋੜਾ ਨੂੰ ਨਹੀਂ ਮਿਲ ਸਕਦਾ।
ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰਵਾਉਣ ਵਾਲਾ ਠੇਕੇਦਾਰ ਰਮੇਸ਼ ਕੁਮਾਰ ਪੁੱਤਰ ਜਨਕ ਦਾਸ ਨਿਵਾਸੀ 1258 ਲੰਮਾ ਪਿੰਡ ਜਲੰਧਰ ਹੁਸ਼ਿਆਰਪੁਰ ਜੇਲ ਵਿਚ ਬੰਦ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਬੁੱਲ੍ਹੋਵਾਲ ਵਿਚ ਰਮੇਸ਼ ਕੁਮਾਰ ਦੇ ਖਿਲਾਫ 22 ਅਗਸਤ ਨੂੰ ਮੰਡਿਆਲਾ ਵਿਚ ਹੋਏ ਗੈਸ ਟੈਂਕਰ ਬਲਾਸਟ ਮਾਮਲੇ ਵਿਚ 23 ਅਗਸਤ 2025 ਨੂੰ 18.01 ਵਜੇ 03(2), 318 (4), 287, 288, 3(5) ਬੀ. ਐੱਨ. ਐੱਸ., ਈ. ਸੀ. ਐਕਟ ਇਨ 7-39 ਐਕਟ-7 ਸਮੇਤ ਹੋਰ ਧਾਰਾਵਾਂ ਤਹਿਤ 120 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ।
ਇਸ ਮਾਮਲੇ ਵਿਚ ਬੁੱਲ੍ਹੋਵਾਲ ਪੁਲਸ ਨੇ 23 ਅਗਸਤ ਨੂੰ ਰਮੇਸ਼ ਕੁਮਾਰ ਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ 24 ਅਗਸਤ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁਲਸ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਉਸ ਦੇ ਹੋਰ ਸਾਥੀਆਂ ਸਮੇਤ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਗਿਆ ਸੀ। ਰਮੇਸ਼ ਅਤੇ ਹੋਰਨਾਂ ’ਤੇ ਐੱਚ. ਪੀ. ਗੈਸ ਪਲਾਂਟ ਵਿਚ ਆਉਣ ਵਾਲੇ ਗੈਸ ਟੈਂਕਰਾਂ ’ਚੋਂ ਗੈਸ ਕੱਢਣ ਤੇ ਇਸ ਨੂੰ ਸਿਲੰਡਰਾਂ ਵਿਚ ਭਰ ਕੇ ਗਾਹਕਾਂ ਨੂੰ ਵੇਚਣ ਦਾ ਦੋਸ਼ ਸੀ। ਇਸ ਗੈਸ ਲੀਕ ਹੋਣ ਕਾਰਨ ਹੀ ਮੰਡਿਆਲਾ ਵਿਚ ਗੈਸ ਟੈਂਕਰ ਵਿਚ ਧਮਾਕਾ ਹੋਇਆ ਸੀ।








