CBI ਵਲੋਂ ਪੰਜਾਬ ਵਿਜੀਲੈਂਸ ਦਫ਼ਤਰ ’ਤੇ ਰੇਡ, 3 ਲੋਕ ਗ੍ਰਿਫ਼ਤਾਰ, ਵਿਜੀਲੈਂਸ ਡਾਇਰੈਕਟਰ ਦਾ ਰੀਡਰ ਫ਼ਰਾਰ
CBI raids Punjab Vigilance office, 3 people arrested, Vigilance Director's reader absconds

CBI raids Punjab Vigilance office, 3 people arrested, Vigilance Director’s reader absconds
CBI ਵੱਲੋਂ ਮੋਹਾਲੀ ਸਥਿਤ ਵਿਜੀਲੈਂਸ ਦੇ ਮੁੱਖ ਦਫ਼ਤਰ ‘ਤੇ ਛਾਪੇਮਾਰੀ ਕੀਤੀ ਗਈ ਹੈ। ਵਿਜੀਲੈਂਸ ਮੁਤਾਬਕ ਇਹ ਕਾਰਵਾਈ ਰਿਸ਼ਵਤ ਨਾਲ ਜੁੜੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ। ਕਰੀਬ 20 ਲੱਖ ਰੁਪਏ ਦੀ ਰਿਸ਼ਵਤ ਦੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਨਿੱਜੀ ਵਿਅਕਤੀ ਅਤੇ ਉਨ੍ਹਾਂ ਨਾਲ ਜੁੜਿਆ ਇੱਕ ਹੋਰ ਸ਼ਖ਼ਸ ਸ਼ਾਮਲ ਹੈ। ਦੂਜੇ ਪਾਸੇ ਵਿਜੀਲੈਂਸ ਡਾਇਰੈਕਟਰ ਦਾ ਰੀਡਰ ਫ਼ਰਾਰ ਦੱਸਿਆ ਜਾ ਰਿਹਾ ਹੈ।
ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗੇ
ਵਿਜੀਲੈਂਸ ਡਾਇਰੈਕਟਰ ਸ਼ਰਦ ਸੱਤਿਆ ਚੌਹਾਨ ਨੇ ਕਿਹਾ ਹੈ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਹਾਲਾਂਕਿ ਪੰਜਾਬ ਵਿਜੀਲੈਂਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਇੱਕ ਨਿੱਜੀ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ ਪਰ ਇਸ ਸਾਰੇ ਮਾਮਲੇ ਨੇ ਹੁਣ ਸਿਆਸੀ ਰੰਗ ਵੀ ਧਾਰ ਲਿਆ ਹੈ।
ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ
ਇਸ ਮਾਮਲੇ ’ਤੇ BJP ਦੇ ਰਾਸ਼ਟਰੀ ਪ੍ਰਧਾਨ ਤਰੁਣ ਚੁੱਘ ਨੇ ਸੋਸ਼ਲ ਮੀਡੀਆ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੋਹਾਲੀ ਵਿਜੀਲੈਂਸ ਦਫ਼ਤਰ ‘ਚ ਹੋਈ CBI ਰੇਡ ਨੇ ਭਗਵੰਤ ਮਾਨ ਸਰਕਾਰ ਦੀ “ਇਮਾਨਦਾਰੀ” ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਲਿਖਿਆ ਕਿ “ਅਰਵਿੰਦ ਕੇਜਰੀਵਾਲ-ਭਗਵੰਤ ਮਾਨ ਦੀ ਜੋੜੀ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਵੱਡਾ ਅੱਡਾ ਬਣਾਇਆ ਗਿਆ ਹੈ, ਇਸ ਗੱਲ ਦੀ ਪੁਸ਼ਟੀ ਪੰਜਾਬ ਵਿਜੀਲੈਂਸ ਹੈੱਡਕੁਆਰਟਰ ‘ਤੇ ਹੋਈ CBI ਰੇਡ ਅਤੇ ਇਸ ਤੋਂ ਪਹਿਲਾਂ ਇੱਕ ਸੀਨੀਅਰ ਕੈਬਨਿਟ ਮੰਤਰੀ ਦੀ ED ਵੱਲੋਂ ਕੀਤੀ ਗ੍ਰਿਫ਼ਤਾਰੀ ਨੇ ਕਰ ਦਿੱਤੀ ਹੈ। ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਦਾ ਜੋ ਡਰਾਮਾ ਕੀਤਾ ਜਾ ਰਿਹਾ ਸੀ, ਉਹ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ। AAP ਦੇ ਵਿਧਾਇਕਾਂ ਨੇ ਆਪਣੇ ਘਰਾਂ ਵਿੱਚ ਤਸ਼ੱਦਦ ਕੇਂਦਰ ਬਣਾਕੇ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਹੈ। ਹਾਲ ਹੀ ਵਿੱਚ ਇੱਕ AAP ਵਿਧਾਇਕ ਦਾ ਨਾਮ ਸਾਹਮਣੇ ਆਇਆ ਸੀ, ਜਿਸ ਦੇ ਕਥਿਤ PA ਵੱਲੋਂ ਨਗਰ ਨਿਗਮ ਵਿੱਚ ਠੇਕੇ ‘ਤੇ ਭਰਤੀ ਲਈ ਲੱਖਾਂ ਰੁਪਏ ਵਸੂਲ ਕੀਤੇ ਜਾਂਦੇ ਸਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਇੱਕ ਵਿਧਾਇਕ ਦਾ ਨਾਮ ਇੱਕ ਸੀਨੀਅਰ ਅਧਿਕਾਰੀ ਦੀ ਖੁਦਕੁਸ਼ੀ ਮਾਮਲੇ ਵਿੱਚ ਸਾਹਮਣੇ ਆਇਆ ਸੀ, ਜਿਸ ਵਿੱਚ ਅਧਿਕਾਰੀ ਨੇ ਵਿਧਾਇਕ ਨੂੰ ਮੰਗੀ ਗਈ ਫਿਰੌਤੀ ਨਾ ਦੇਣ ਕਾਰਨ ਇਹ ਕਦਮ ਚੁੱਕਣ ਦੀ ਗੱਲ ਕਹੀ ਸੀ। ਪਟਿਆਲਾ ਵਿੱਚ CBI ਵੱਲੋਂ ਭਗਵੰਤ ਮਾਨ ਦੇ ਕਰੀਬੀ DIG ਦੀ ਗ੍ਰਿਫ਼ਤਾਰੀ ਨੇ ਅਸਲ ਵਿੱਚ ਅਰਵਿੰਦ ਕੇਜਰੀਵਾਲ-ਭਗਵੰਤ ਮਾਨ ਦੀ ਜੋੜੀ ਵੱਲੋਂ ਚਲਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਰੈਕਟ ਦਾ ਪਰਦਾਫ਼ਾਸ਼ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਆਪਣੀਆਂ ਤਿਜੋਰੀਆਂ ਭਰਨ ਲਈ ਇੱਕ ATM ਵਿੱਚ ਤਬਦੀਲ ਕਰ ਦਿੱਤਾ ਹੈ, ਜਿਸ ਵਿੱਚ ਭਗਵੰਤ ਮਾਨ ਅਤੇ ਉਸਦੀ ਅਧਿਕਾਰੀਆਂ ਦੀ ਟੀਮ ਪੂਰੀ ਤਰ੍ਹਾਂ ਮਿਲੀਭੁਗਤ ਨਾਲ ਕੰਮ ਕਰ ਰਹੀ।”
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ “ਕੈਂਸਰ” ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਹੋਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਾਖੜ ਨੇ ਲਿਖਿਆ ਕਿ “ਬੀਤੀ ਰਾਤ ਸੀਬੀਆਈ ਵੱਲੋਂ ਪੰਜਾਬ ਵਿਜੀਲੈਂਸ ਦਫ਼ਤਰ ‘ਤੇ ਕੀਤੀ ਗਈ ਰੇਡ ਤੋਂ ਬਾਅਦ ਅਫ਼ਸਰ ਤਾਂ ਅਫ਼ਸਰ – ਮੰਤਰੀਆਂ ਅਤੇ ਲੀਡਰਾਂ ਵਿੱਚ ਵੀ ਭਗਦੜ ਮਚ ਗਈ। ਆਪਣੇ ਆਪ ਨੂੰ ਬਚਾਉਣ ਦੇ ਰਸਤੇ ਲੱਭਣ ਲੱਗ ਪਏ। ਪਰ ਭ੍ਰਿਸ਼ਟਾਚਾਰੀ ਬਚਣਗੇ ਨਹੀਂ – “ਫੜੇ ਸਾਰੇ ਜਾਣਗੇ”। ਹੁਣ “ਸਭ ਦਾ ਹਿਸਾਬ” ਹੋਣ ਦਾ ਸਮਾਂ ਨੇੜੇ ਆ ਗਿਆ ਹੈ।”
ਮਾਮਲੇ ਦੀ ਡੂੰਘਾਈ ਨਾਲ ਜਾਂਚ
ਇਸੇ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਵੀ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਵਿੱਚ ਉੱਚ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਹਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਈ ਹੋਰ ਖੁਲਾਸੇ ਹੋ ਸਕਦੇ ਹਨ।
ਇੱਕ-ਇੱਕ ਕਰਕੇ ਖੁਲ ਰਹੀਆਂ ਪਰਤਾਂ
ਸੁਖਬੀਰ ਸਿੰਘ ਬਾਦਲ ਨੇ ਵੀ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ “ਕੱਟੜ ਇਮਾਨਦਾਰ ਪਾਰਟੀ” ਕਹਿਣ ਵਾਲੀ ਸਰਕਾਰ ਦੀਆਂ ਪਰਤਾਂ ਇੱਕ-ਇੱਕ ਕਰਕੇ ਖੁਲ ਰਹੀਆਂ ਹਨ। ਜਿਹੜਾ ਵਿਭਾਗ ਭ੍ਰਿਸ਼ਟਾਚਾਰ ਖ਼ਿਲਾਫ਼ ਲੜਨ ਲਈ ਬਣਾਇਆ ਗਿਆ ਸੀ, ਉਹੀ ਹੁਣ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਸ਼ਾਮਲ ਹਰ ਵਿਅਕਤੀ ਖ਼ਿਲਾਫ਼ ਨਿਰਪੱਖ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਜੁੜੇ 20 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ ਦੋ ਨਿੱਜੀ ਵਿਚੌਲੇ ਅਤੇ ਇੱਕ ਸਾਥੀ ਸ਼ਾਮਲ ਹਨ।
ਸ਼ਿਕਾਇਤ ਖਤਮ ਕਰਨ ਲਈ ਰਿਸ਼ਵਤ
ਸੀਬੀਆਈ ਨੇ ਇਹ ਮਾਮਲਾ ਪੰਜਾਬ ਦੇ ਇੱਕ ਸਟੇਟ ਟੈਕਸ ਅਫ਼ਸਰ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ। ਸ਼ਿਕਾਇਤਕਰਤਾ ਮੁਤਾਬਕ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਨੇ ਡੀਜੀ ਵਿਜੀਲੈਂਸ ਪੰਜਾਬ ਦੇ ਦਫ਼ਤਰ ਵਿੱਚ ਲੰਬਿਤ ਸ਼ਿਕਾਇਤ ਨੂੰ ਖਤਮ ਕਰਵਾਉਣ ਲਈ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਦੋਵੇਂ ਮੁਲਜ਼ਮ ਆਪਣੇ ਆਪ ਨੂੰ ਪੰਜਾਬ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ, ਖ਼ਾਸ ਕਰਕੇ ਡੀਜੀਪੀ ਵਿਜੀਲੈਂਸ ਦੇ ਰੀਡਰ ਓ.ਪੀ. ਰਾਣਾ ਦੇ ਨਜ਼ਦੀਕੀ ਦੱਸਦੇ ਹੋਏ ਮਾਮਲਾ ਸੈਟਲ ਕਰਨ ਦਾ ਭਰੋਸਾ ਦੇ ਰਹੇ ਸਨ। ਇਲਜ਼ਾਮ ਹਨ ਕਿ ਓ.ਪੀ. ਰਾਣਾ ਨੇ ਵੀ ਰਿਸ਼ਵਤ ਮਿਲਣ ‘ਤੇ ਸ਼ਿਕਾਇਤ ਬੰਦ ਕਰਨ ਦਾ ਭਰੋਸਾ ਦਿੱਤਾ ਸੀ।
ਸੀਬੀਆਈ ਜਾਂਚ ਦੌਰਾਨ ਰਿਸ਼ਵਤ ਮੰਗਣ ਦੇ ਇਲਜ਼ਾਮ ਪਹਿਲੀ ਨਜ਼ਰ ਵਿੱਚ ਸਹੀ ਪਾਏ ਗਏ। ਬਾਅਦ ਵਿੱਚ ਰਿਸ਼ਵਤ ਦੀ ਰਕਮ 20 ਲੱਖ ਤੋਂ ਘਟਾ ਕੇ 13 ਲੱਖ ਰੁਪਏ ਅਤੇ ਇੱਕ ਸੈਮਸੰਗ ਗਲੈਕਸੀ ਜ਼ੈੱਡ ਫੋਲਡ7 (Samsung Galaxy Z Fold7) ਮੋਬਾਈਲ ਫੋਨ ਕਰ ਦਿੱਤੀ ਗਈ, ਜੋ ਕਿ ਓ.ਪੀ. ਰਾਣਾ ਲਈ ਮੰਗਿਆ ਗਿਆ ਸੀ। ਬੀਤੀ 11 ਮਈ 2026 ਨੂੰ ਚੰਡੀਗੜ੍ਹ ਵਿੱਚ ਟ੍ਰੈਪ ਦੌਰਾਨ ਸੀਬੀਆਈ ਨੇ ਅੰਕਿਤ ਵਾਧਵਾ ਨੂੰ 13 ਲੱਖ ਰੁਪਏ ਅਤੇ ਮੋਬਾਈਲ ਫੋਨ ਰਿਸ਼ਵਤ ਵਜੋਂ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।







