ਵਿਦੇਸ਼ ਭੇਜਣ ਦੇ ਨਾਂ ‘ਤੇ 4 ਕਰੋੜ ਦੀ ਠੱਗੀ ਮਾਰਨ ਵਾਲੇ ਏਜੰਟ ਦਾ ਲੋਕਾਂ ਨੇ ਪੁਲਿਸ ਸਾਹਮਣੇ ਲਾਇਆ ਤੜ੍ਹਵੰਜ
ਗ੍ਰਹਿ ਮੰਤਰਾਲੇ ਦਾ ਅਧਿਕਾਰੀ ਦੱਸ ਕੇ ਵਿਦੇਸ਼ ਭੇਜਣ ਦੇ ਨਾਂ ‘ਤੇ 4 ਕਰੋੜ ਦੀ ਠੱਗੀ ਮਾਰਨ ਵਾਲੇ ਏਜੰਟ ਨੂੰ ਦੇਵੀ ਤਲਾਬ ਮੰਦਰ ‘ਚ ਮੱਥਾ ਟੇਕਣ ਆਉਣ ਦੌਰਾਨ ਲੋਕਾਂ ਨੇ ਪੁਲਿਸ ਸਾਹਮਣੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ। ਕਿਸੇ ਤਰ੍ਹਾਂ ਥਾਣਾ-8 ਦੀ ਪੁਲਿਸ ਨੇ ਏਜੰਟ ਨੂੰ ਮੌਕੇ ਤੋਂ ਬਚਾ ਕੇ ਥਾਣੇ ਲਿਆਂਦਾ।ਏਜੰਟ ਦੀ ਪਛਾਣ ਮਹਿਤਪੁਰ ਵਾਸੀ 70 ਸਾਲਾ ਪਰਵਿੰਦਰ ਵਜੋਂ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਦੇਵੀ ਤਾਲਾਬ ਮੰਦਰ ‘ਚ ਦਿਨ ਭਰ ਤਣਾਅ ਵਾਲਾ ਮਾਹੌਲ ਰਿਹਾ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਗੁੱਸੇ ‘ਚ ਆਏ ਲੋਕਾਂ ਨੇ ਕਿਹਾ ਕਿ ਉਹ ਕਰੀਬ 8 ਮਹੀਨਿਆਂ ਤੋਂ ਏਜੰਟ ‘ਤੇ ਨਜ਼ਰ ਰੱਖ ਰਹੇ ਸਨ। ਪੈਸੇ ਲੈਣ ਤੋਂ ਬਾਅਦ ਉਹ ਫੋਨ ਚੁੱਕਣਾ ਵੀ ਬੰਦ ਕਰ ਦਿੰਦਾ ਸੀ।
ਪੀੜਤ ਸੋਮਨਾਥ ਵਾਸੀ ਜਲੰਧਰ ਨੇ ਦੱਸਿਆ ਕਿ ਏਜੰਟ ਪਰਵਿੰਦਰ ਨੂੰ ਖੇਤੀ ਕਾਨੂੰਨ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਕਿਸਾਨ ਭਵਨ ਨੇੜੇ ਮਿਲਿਆ ਸੀ। ਉਹ ਆਪਣੇ ਆਪ ਨੂੰ ਗ੍ਰਹਿ ਮੰਤਰਾਲੇ ਦਾ ਅਧਿਕਾਰੀ ਦੱਸ ਰਿਹਾ ਸੀ। ਉਹ ਉਸ ਦੀਆਂ ਗੱਲਾਂ ਵਿੱਚ ਆ ਗਿਆ। ਉਸ ਨੇ ਆਪਣੇ ਲੜਕੇ ਨੂੰ ਪੁਰਤਗਾਲ ਭੇਜਣ ਦੇ ਨਾਂ ‘ਤੇ 8 ਲੱਖ ਰੁਪਏ ਦਿੱਤੇ। ਇਸ ਦੇ ਨਾਲ ਹੀ ਇਕ ਔਰਤ ਨੇ ਦੱਸਿਆ ਕਿ ਉਸ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ 5 ਲੱਖ ਰੁਪਏ ਦਿੱਤੇ ਸਨ।