India

ਫ਼ੌਜ ਦੇ ਨਕਲੀ ਅਧਿਕਾਰੀ ਨੇ ਅਸਲੀ ਪੁਲਿਸ ਮੁਲਾਜਮਾਂ ਦਾ ਕੀਤਾ ਕੁਟਾਪਾ !

ਦਿੱਲੀ ਵਿੱਚ ਇੱਕ 28 ਸਾਲਾ ਵਿਅਕਤੀ ਨੂੰ ਹਿਰਾਸਤ ‘ਚ ਲੈਣ ਲਈ ਪੁਲਿਸ ਨੂੰ ਬੜੀ ਮੁਸ਼ੱਕਤ ਕਰਨੀ ਪਈ, ਜਿਸ ‘ਤੇ ਆਪਣੇ ਆਪ ਨੂੰ ਭਾਰਤੀ ਫੌਜ ਦਾ ਅਧਿਕਾਰੀ ਦੱਸ ਕੇ ਵਿਆਹ ਕਰਵਾਉਣ ਦੇ ਬਹਾਨੇ ਅਰਧ ਸੈਨਿਕ ਬਲ ਦੀ ਇੱਕ ਮਹਿਲਾ ਕਰਮਚਾਰੀ ਨਾਲ ਬਲਾਤਕਾਰ ਕਰਨ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ 28 ਲੱਖ ਰੁਪਏ ਠੱਗ ਲੈਣ ਦਾ ਦੋਸ਼ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀਪਕ ਕੁਮਾਰ, ਉਸ ਦੇ ਪਰਿਵਾਰਕ ਮੈਂਬਰਾਂ ਅਤੇ 30 ਦੇ ਕਰੀਬ ਹੋਰਨਾਂ ਵਿਅਕਤੀਆਂ ਨੇ ਦੀਪਕ ਨੂੰ ਗ੍ਰਿਫ਼ਤਾਰ ਕਰਨ ਆਈ ਪੁਲਿਸ ਟੀਮ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਅਧਿਕਾਰੀਆਂ ‘ਤੇ ਵੀ ਹਮਲਾ ਕੀਤਾ, ਪਰ ਸਥਾਨਕ ਪੁਲਿਸ ਦੀ ਮਦਦ ਨਾਲ ਆਖ਼ਿਰਕਾਰ ਦੋਸ਼ੀ ਨੂੰ ਫ਼ੜ ਲਿਆ ਗਿਆ।
ਪੀੜਤਾ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ਼) ਦੀ ਮਹਿਲਾ ਕਾਂਸਟੇਬਲ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਇੱਕ ਵਿਆਹ ਦੀ ਵੈੱਬਸਾਈਟ ਰਾਹੀਂ ਕੁਮਾਰ ਦੇ ਸੰਪਰਕ ਵਿੱਚ ਆਈ ਸੀ। ਕੁਮਾਰ ਨੇ ਉਸ ਨੂੰ ਕਿਹਾ ਸੀ ਕਿ ਉਹ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਅ ਰਿਹਾ ਮੇਜਰ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਫ਼ੌਜ ਅਤੇ ਬਿਹਾਰ ਪੁਲਿਸ ‘ਚ ਨੌਕਰੀ ਦਾ ਝਾਂਸਾ ਦੇ ਕੇ 28 ਲੱਖ ਰੁਪਏ ਦੀ ਠੱਗੀ ਮਾਰੀ। ਮਹਿਲਾ ਕਾਂਸਟੇਬਲ ਨਾਲ ਸਰੀਰਕ ਸੰਬੰਧ ਬਣਾਉਣ ਦੌਰਾਨ ਦੀਪਕ ਕੁਮਾਰ ਨੇ ਇਤਰਾਜ਼ਯੋਗ ਵੀਡੀਓ ਬਣਾਈ ਅਤੇ ਉਸ ਦੇ ਆਧਾਰ ‘ਤੇ ਮਹਿਲਾ ਨੂੰ ਬਲੈਕਮੇਲ ਕਰਨ ਲੱਗਿਆ।
ਪੁਲਿਸ ਦੇ ਡਿਪਟੀ ਕਮਿਸ਼ਨਰ (ਅਪਰਾਧ ਸ਼ਾਖਾ) ਨੇ ਦੱਸਿਆ ਕਿ ਦਿੱਲੀ ਦੇ ਬਿੰਦਾਪੁਰ ਤੋਂ ਪੁਲਿਸ ਟੀਮ ਨੂੰ ਜਾਣਕਾਰੀ ਮਿਲੀ ਕਿ ਦੋਸ਼ੀ ਬਿਹਾਰ ‘ਚ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉੱਥੇ ਪਹੁੰਚੀ। ਪਰ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ 30 ਤੋਂ 40 ਹੋਰਨਾਂ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਪੁਲਿਸ ‘ਤੇ ਹਮਲਾ ਕਰ ਦਿੱਤਾ, ਪੁਲਿਸ ਟੀਮ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਕੁੱਟਮਾਰ ਕੀਤੀ, ਪਰ ਸਥਾਨਕ ਪੁਲਿਸ ਦੀ ਮਦਦ ਨਾਲ ਅਖੀਰ ਕੁਮਾਰ ਨੂੰ ਫ਼ੜ ਲਿਆ ਗਿਆ।ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਕਥਿਤ ਦੋਸ਼ੀ ਦੀਪਕ ਕੁਮਾਰ ਦੀ ਗ੍ਰਿਫ਼ਤਾਰੀ ‘ਤੇ ਦਿੱਲੀ ਪੁਲਿਸ ਨੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਸੀ, ਕਿਉਂਕਿ ਉਹ ਦਿੱਲੀ ਅਤੇ ਬਿਹਾਰ ਵਿਖੇ ਤਿੰਨ ਹੋਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

Leave a Reply

Your email address will not be published.

Back to top button