ਪੰਜਾਬ ਨੈਸ਼ਨਲ ਬੈਂਕ ਨੇ ਏਐਸਸੀ ਨੂੰ 5-3 ਨਾਲ ਹਰਾਇਆ
ਜਲੰਧਰ, ਐਚ ਐਸ ਚਾਵਲਾ।
ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਨੇ ਸਾਬਕਾ ਜੇਤੂ ਇੰਡੀਅਨ ਆਇਲ ਨੂੰ 2-1 ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਦੀ ਦੋੜ ਵਿੱਚ ਆਪਣੇ ਆਪ ਨੂੰ ਬਣਾਏ ਰੱਖਿਆ ਹੈ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਏਐਸਸੀ ਜਲੰਧਰ ਨੂੰ 5-3 ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕਰਦੇ ਹੋਏ ਸੈਮੀਫਾਇਨਲ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ।
ਪੂਲ ਏ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਨੇ ਖੇਡ ਦੇ 57 ਮਿੰਟ ਤੱਕ ਆਪਣੀ ਪਕੜ ਬਣਾਈ ਰੱਖੀ। ਖੇਡ ਦੇ 36ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਉਸ ਤੋਂ ਬਾਅਦ ਰੇਲਵੇ ਨੇ ਬਰਾਬਰੀ ਕਰਨ ਲਈ ਕਈ ਹਮਲੇ ਕੀਤੇ ਪਰ ਕਾਮਯਾਬ ਨਾ ਹੋ ਸਕੇ। ਖੇਡ ਦੇ 58ਵੇਂ ਮਿੰਟ ਵਿੱਚ ਰੇਲਵੇ ਦੇ ਅਰਜੁਨ ਸ਼ਰਮਾ ਨੇ ਮੈਦਾਨੀ ਗੋਲ ਅਤੇ ਖੇਡ ਦੇ 60ਵੇਂ ਮਿੰਟ ਵਿੱਚ ਸ਼ੀਸ਼ੇ ਗੋਡਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਮੈਚ 2-1 ਨਾਲ ਜਿੱਤ ਲਿਆ। ਇਸ ਜਿੱਤ ਨਾਲ ਭਾਰਤੀ ਰੇਲਵੇ ਦੇ ਤਿੰਨ ਲੀਗ ਮੈਚਾਂ ਤੋਂ ਬਾਅਦ ਦੋ ਜਿੱਤਾਂ ਕਰਕੇ 6 ਅੰਕ ਹਨ ਜਦਕਿ ਇੰਡੀਅਨ ਆਇਲ ਦੇ ਵੀ ਤਿੰਨ ਲੀਗ ਮੈਚਾਂ ਤੋਂ ਬਾਅਦ ਦੋ ਜਿੱਤਾਂ ਨਾਲ 6 ਅੰਕ ਹਨ। ਇਹ ਦੋਵੇਂ ਟੀਮਾਂ ਸੈਮੀਫਾਇਨਲ ਦੀ ਦੋੜ ਵਿੱਚ ਬਣੀਆਂ ਹੋਈਆਂ ਹਨ ਜਦਕਿ ਇਸ ਸਬੰਧੀ ਫੈਸਲਾ ਇੰਡੀਅਨ ਏਅਰ ਫੋਰਸ ਅਤੇ ਪੰਜਾਬ ਪੁਲਿਸ ਦੇ ਮੈਚ ਤੋਂ ਬਾਅਦ ਹੋਵੇਗਾ ਕਿ ਕਿਹੜੀਆਂ ਦੋ ਟੀਮਾਂ ਪੂਲ ਏ ਵਿਚੋਂ ਸੈਮੀਫਾਇਨਲ ਵਿੱਚ ਪਹੁੰਚਦੀਆਂ ਹਨ।
ਪੂਲ ਬੀ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਅਤੇ ਏਐਸਸੀ ਜਲੰਧਰੁ ਦਰਮਿਆਨ ਤੇਜ਼ ਗਤੀ ਨਾਲ ਖੇਡਿਆ ਗਿਆ। ਖੇਡ ਦੇ ਪਹਿਲੇ ਹੀ ਮਿੰਟ ਵਿੱਚ ਬੈਂਕ ਦੇ ਸਤੇਂਦਰ ਕੁਮਾਰ ਨੇ ਗੋਲ ਕਰਕੇ ਖਾਤਾ ਖੋਲ੍ਹਿਆ। ਚੌਥੇ ਮਿੰਟ ਵਿੱਚ ਰਵਨੀਤ ਸਿੰਘ ਨੇ ਏਐਸਸੀ ਲਈ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 18ਵੇਂ ਮਿੰਟ ਵਿੱਚ ਬੈਂਕ ਦੇ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਸਕੋਰ 2-1 ਕੀਤਾ। 20ਵੇਂ ਮਿੰਟ ਵਿੱਚ ਏਐਸਸੀ ਦੇ ਗੌਤਮ ਕੁਮਾਰ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 26ਵੇਂ ਮਿੰਟ ਵਿੱਚ ਭਗਤ ਸਿੰਘ ਢਿਲੋਂ ਨੇ ਅਤੇ 28ਵੇਂ ਮਿੰਟ ਵਿੱਚ ਦੀਪਕ ਨੇ ਗੋਲ ਕਰਕੇ ਸਕੋਰ ਬੈਕ ਦੇ ਹੱਕ ਵਿੱਚ 4-2 ਕੀਤਾ। ਅੱਧੇ ਸਮੇਂ ਤੱਕ ਬੈਂਕ 4-2 ਨਾਲ ਅੱਗੇ ਸੀ। ਖੇਡ ਦੇ 50ਵੇਂ ਮਿੰਟ ਵਿੱਚ ਬੈਂਕ ਦੇ ਦੀਪਕ ਨੇ ਗੋਲ ਕਰਕੇ ਸਕੋਰ 5-2 ਕੀਤਾ। ਖੇਡ ਦੇ 56ਵੇਂ ਮਿੰਟ ਵਿੱਚ ਏਐਸਸੀ ਦੇ ਡੇਵਿਡ ਡੁੰਗ ਡੰਗ ਨੇ ਗੋਲ ਕਰਕੇ ਸਕੋਰ 3-5 ਕੀਤਾ।
ਇਸ ਜਿੱਤ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਤਿੰਨ ਲੀਗ ਮੈਚਾਂ ਤੋਂ ਬਾਅਦ 6 ਅੰਕ ਹਨ ਅਤੇ ਇਸ ਪੂਲ ਵਿਚ ਆਰਮੀ ਇਲੈਵਨ ਦੇ ਵੀ ਤਿੰਨ ਮੈਚਾਂ ਤੋਂ ਬਾਅਦ 6 ਅੰਕ ਹਨ। ਇਸ ਪੂਲ ਦੀਆਂ ਸੈਮੀ ਫਾਇਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਪੰਜਾਬ ਐਂਡ ਸਿੰਧ ਬੈਂਕ ਅਤੇ ਏਐਸਸੀ ਦੇ ਮੈਚ ਤੋਂ ਬਾਅਦ ਹੋਵੇਗਾ।
ਇਸ ਮੌਕੇ ਤੇ ਮੁੱਖ ਮਹਿਮਾਨ ਅਮੋਲਕ ਸਿੰਘ ਗਾਖਲ, ਜਿਨ੍ਹਾਂ ਵਲੋਂ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5.50 ਲੱਖ ਦਾ ਨਕਦ ਇਨਾਮ ਦਿੱਤਾ ਜਾ ਰਿਹਾ ਹੈ, ਰਮੇਸ਼ ਮਿੱਤਲ, ਅਮਿਤ ਮਿੱਤਲ (ਲਵਲੀ ਗਰੁੱਪ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਨ੍ਹਾਂ ਮੈਚਾਂ ਦੇ ਮੌਕੇ ਤੇ ਨਿਿਤਨ ਕੋਹਲੀ ਪ੍ਰਧਾਨ ਹਾਕੀ ਪੰਜਾਬ, ਨੱਥਾ ਸਿੰਘ ਗਾਖਲ, ਭੁਵਨੇਸ਼ਵਰ ਪਾਂਡੇ, ਤਰਲੋਕ ਸਿੰਘ ਭੁੱਲਰ ਕੈਨੇਡਾ, ਰਣਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਲਖਵਿੰਦਰ ਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਰਮਨੀਕ ਰੰਧਾਵਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
2 ਨਵੰਬਰ ਦੇ ਮੈਚ
ਪੰਜਾਬ ਐਂਡ ਸਿੰਧ ਬੈਂਕ ਬਨਾਮ ਏਐਸਸੀ ਜਲੰਧਰ – 4-00 ਵਜੇ
ਪੰਜਾਬ ਪੁਲਿਸ ਜਲੰਧਰ ਬਨਾਮ ਇੰਡੀਅਨ ਏਅਰ ਫੋਰਸ – 5-45 ਵਜੇ