JalandharPunjab

ਪੰਜਾਬ ਸਰਕਾਰ ਵਲੋਂ ਦੋਆਬਾ ਖੇਤਰ ਦੇ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ 16 ਨੂੰ

ਐਨ.ਆਈ. ਟੀ. ਨਜ਼ਦੀਕ ਸੇਂਟ ਸੋਲਜਰ ਕੈਂਪਸ ਵਿਖੇ ਪ੍ਰਵਾਸੀ ਪੰਜਾਬੀਆਂ ਨਾਲ ਵਿਚਾਰਾਂ ਕਰਨਗੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ.ਨਗਰ ਦੇ ਸੀਨੀਅਰ ਅਧਿਕਾਰੀ ਸੁਨਣਗੇ ਐਨ.ਆਰ.ਆਈਜ਼ ਦੇ ਮਸਲੇ : ਡਵੀਜ਼ਨਲ ਕਮਿਸ਼ਨਰ

ਪੰਜਾਬ ‘ਚ ਪੰਜ ਥਾਵਾਂ ‘ਤੇ ਹੋਵੇਗੀ ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ

ਪ੍ਰਵਾਸੀ ਭਾਰਤੀ https://eservices.punjab.gov.in/ਪੋਰਟਲ ਰਾਹੀਂ ਆਨਲਾਈਨ ਜਾਂ ਮੌਕੇ ‘ਤੇ ਵੀ ਕਰਾ ਸਕਣਗੇ ਰਜਿਸਟਰੇਸ਼ਨ : ਡਿਪਟੀ ਕਮਿਸ਼ਨਰ

ਜਲੰਧਰ, ਐਚ ਐਸ ਚਾਵਲਾ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ 16 ਦਸੰਬਰ ਨੂੰ ਇਥੇ ਕਰਵਾਏ ਜਾਣ ਵਾਲੇ ‘ ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। 

ਡਵੀਜ਼ਨਲ ਕਮਿਸ਼ਨਰ-ਕਮ-ਚੇਅਰਮੈਨ ਐਨ.ਆਰ.ਆਈ.ਸਭਾ ਗੁਰਪ੍ਰੀਤ ਕੌਰ ਸਪਰਾ ਨੇ ਇਸ ਸਬੰਧੀ ਦੱਸਿਆ ਕਿ ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ ਪ੍ਰੋਗਰਾਮ ਤਹਿਤ ਸਾਰੇ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਇਕੋ ਥਾਂ ’ਤੇ ਮੌਜੂਦ ਰਹਿਣਗੇ ਜਿਥੇ ਉਹ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਗਹੁ ਨਾਲ ਸੁਨਣ ਉਪਰੰਤ ਢੁੱਕਵੇਂ ਅਤੇ ਛੇਤੀ ਹੱਲ ਲਈ ਪ੍ਰਕਿਰਿਆ ਅਮਲ ਵਿੱਚ ਲਿਆਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਪੰਜ ਮਿਲਣੀਆਂ ‘ਚੋਂ ਪਹਿਲੀ 16 ਦਸੰਬਰ ਨੂੰ ਜਲੰਧਰ-ਕਰਤਾਰਪੁਰ ਹਾਈਵੇ ‘ਤੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਨੇੜੇ ਸਥਿਤ ਸੇਂਟ ਸੋਲਜਰ ਕੈਂਪਸ ਵਿਖੇ ਹੋਵੇਗੀ। ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ ਪ੍ਰੋਗਰਾਮ ਵਿੱਚ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵੱਖ-ਵੱਖ ਮੁਲਕਾਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਡਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ 16 ਦਸੰਬਰ ਨੂੰ ਸਵੇਰੇ 11:00 ਵਜੇ ਤੋਂ ਮਿਲਣੀ ਪ੍ਰੋਗਰਾਮ ਸ਼ੁਰੂ ਹੋਵੇਗਾ ਜਿਥੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਪ੍ਰਮੁੱਖ ਸਕੱਤਰ ਜੇ ਬਾਲਾਮੁਰੁਗਨ, ਐਨ.ਆਰ.ਆਈ. ਵਿੰਗ ਦੇ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨਹਾ ਤੋਂ ਇਲਾਵਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜਿਲਿਆਂ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀਜ਼ ਤੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ।

ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਦੇ ਤੁਰੰਤ ਅਤੇ ਤਸੱਲੀਬਖਸ਼ ਢੰਗ ਨਾਲ ਨਿਪਟਾਰੇ ਲਈ ਜਲੰਧਰ ਤੋਂ ਇਲਾਵਾ 19 ਦਸੰਬਰ ਨੂੰ ਐਸ.ਏ.ਐਸ.ਨਗਰ ਮੋਹਾਲੀ, 23 ਦਸੰਬਰ ਨੂੰ ਲੁਧਿਆਣਾ, 26 ਦਸੰਬਰ ਨੂੰ ਮੋਗਾ ਅਤੇ 30 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਇਹ ਮਿਲਣੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਐਨ.ਆਰ.ਆਈਜ਼ ਦੇ ਮਸਲਿਆਂ ’ਤੇ ਫੌਰੀ ਗੌਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ 16 ਦਸੰਬਰ ਨੂੰ ਸਵੇਰੇ 10:30 ਵਜੇ ਪ੍ਰਵਾਸੀ ਪੰਜਾਬੀਆਂ ਦੀ ਰਜਿਸਟਰੇਸ਼ਨ ਸ਼ੁਰੂ ਹੋਵੇਗੀ ਜਿਸ ਉਪਰੰਤ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਐਨ.ਆਰ.ਆਈਜ਼ ਨਾਲ ਵਿਚਾਰਾਂ ਕਰਨਗੇ।

ਡਵੀਜ਼ਨਲ ਕਮਿਸ਼ਨਰ ਨੇ ਦੋਆਬਾ ਖੇਤਰ ਨਾਲ ਸਬੰਧਿਤ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਐਨ.ਆਰ. ਆਈਜ. ਇਸ ਮਿਲਣੀ ਵਿੱਚ ਪਹੁੰਚ ਕੇ ਸੰਬੰਧਤ ਅਧਿਕਾਰੀਆਂ ਦੇ ਸਨਮੁਖ ਆਪਣੇ ਮਸਲੇ ਅਤੇ ਸੁਝਾਅ ਰੱਖਣ ਤਾਂ ਜੋ ਬਣਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਸਕੇ। ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਪ੍ਰੋਗਰਾਮ ਬਾਰੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਐਨ.ਆਰ. ਆਈ. ਪੰਜਾਬ ਸਰਕਾਰ ਦੇ ਪੋਰਟਲ https://eservices.punjab.gov.in/ ਰਾਹੀਂ ਆਨਲਾਈਨ ਜਾਂ ਮੌਕੇ ‘ਤੇ ਜਿਲਾ ਪ੍ਰਸ਼ਾਸਨ ਵੱਲੋਂ ਲਾਏ ਜਾਣ ਵਾਲੇ ਕਾਊਂਟਰਾਂ ‘ਤੇ ਵੀ ਰਜਿਸਟਰੇਸ਼ਨ ਕਰਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਨ ਆਰ ਆਈਜ ਦੀ ਸਹੂਲਤ ਲਈ ਕੈਬਨਿਟ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਦੇ ਰੂਬਰੂ ਹੋਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਹ ਆਪਣੇ ਮਸਲੇ ਰੱਖਣ ਦੇ ਨਾਲ-ਨਾਲ ਸੁਝਾਅ ਵੀ ਦੇ ਸਕਣ।

Leave a Reply

Your email address will not be published. Required fields are marked *

Back to top button