ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਗਰੀਬ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਸ਼ਮਸ਼ਾਨਘਾਟ ਵਿਚ ਕਰਕੇ ਵੱਖਰੀ ਮਿਸਾਲ ਪੈਦਾ ਕੀਤੀ ਹੈ।
ਬਰਾਤੀਆਂ ਨੂੰ ਕਿਸੇ ਪੈਲੇਸ ਜਾਂ ਕਿਸੇ ਹੋਰ ਜਗ੍ਹਾ ਦੀ ਬਜਾਏ ਸ਼ਮਸ਼ਾਨਘਾਟ ਵਿਚ ਹੀ ਰੋਟੀ ਖਵਾਈ ਗਈ। ਇਸ ਮਾਮਲੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਵੱਲੋਂ ਇਸ ਪਰਿਵਾਰ ਦੀ ਮਦਦ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਸ਼ਮਸ਼ਾਨਘਾਟ ਵਿਚ ਦਾਦੀ ਪੋਤੀ ਕਾਫੀ ਲੰਬਾ ਸਮਾਂ ਰਹੀ ਸੀ ਅਤੇ ਪਰਿਵਾਰ ਗਰੀਬ ਹੋਣ ਕਰਕੇ ਅੱਜ ਲੋਕਾਂ ਦੀ ਮਦਦ ਨਾਲ ਇਸ ਲੜਕੀ ਦਾ ਵਿਆਹ ਕੀਤਾ ਗਿਆ ਹੈ ਅਤੇ ਸ਼ਮਸ਼ਾਨਘਾਟ ਦੇ ਅੰਦਰ ਹੀ ਇਨ੍ਹਾਂ ਦਾ ਘਰ ਹੋਣ ਕਰਕੇ ਬਾਰਾਤ ਸਿੱਧੀ ਸ਼ਮਸ਼ਾਨਘਾਟ ਅੰਦਰ ਹੀ ਆਈ ਅਤੇ ਡੋਲੀ ਵੀ ਸ਼ਮਸ਼ਾਨਘਾਟ ਦੇ ਅੰਦਰ ਹੀ ਵਿਦਾ ਕੀਤੀ ਗਈ। ਇਲਾਕਾ ਵਾਸੀਆਂ ਨੇ ਕਿਹਾ ਕਿ ਕਈ ਲੋਕ ਸ਼ਮਸ਼ਾਨਘਾਟ ਦੇ ਅੱਗਿਓਂ ਲੰਘਣਾ ਵੀ ਸਹੀ ਨਹੀਂ ਸਮਝਦੇ ਪਰ ਉਹ ਕਈ ਸਾਲਾਂ ਤੋਂ ਸ਼ਮਸ਼ਾਨਘਾਟ ਦੇ ਨਜ਼ਦੀਕ ਰਹਿ ਰਹੇ ਹਨ ਅਤੇ ਇਕ ਵਧੀਆ ਜ਼ਿੰਦਗੀ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਸ਼ਮਸ਼ਾਨਘਾਟ ਦੇ ਅੰਦਰ ਇਕ ਕੁੜੀ ਦਾ ਵਿਆਹ ਕਰਕੇ ਸਮਾਜ ਵਿਚ ਵੱਖਰੀ ਮਿਸਾਲ ਪੈਦਾ ਕੀਤੀ ਹੈ।