
Akal Takht declares Education Minister Harjot Bains a salaryman, imposes religious punishment
ਸ੍ਰੀਨਗਰ ‘ਚ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਪੰਜਾਬੀ ਗਾਇਕ ਵੀਰ ਸਿੰਘ ਦੇ ਗੀਤਾਂ ‘ਤੇ ਉਸ ਪ੍ਰੋਗਰਾਮ ‘ਚ ਮੌਜੂਦ ਲੋਕ ਨੱਚ ਰਹੇ ਸਨ। ਇਸ ਮਾਮਲੇ ਨੇ ਤੂਲ ਫੜਿਆ ਤਾਂ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ। ਜਿਸ ‘ਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਤਲਬ ਕੀਤਾ ਗਿਆ ਸੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ੍ਰੀ ਅਕਾਲ ਤਖ਼ ਸਾਹਿਬ ਅੱਗੇ ਪੇਸ਼ ਹੋਏ। ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਣੇ ਪੰਜ ਸਿੰਘ ਸਹਿਬਾਨਾਂ ਵੱਲੋਂ ਹਰਜੋਤ ਬੈਂਸ ਨੂੰ ਤਨਖਾਹ ਲਗਾਉਂਦਿਆਂ ਧਾਰਮਿਕ ਸਜ਼ਾ ਸੁਣਾਈ ਗਈ ਹੈ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੀ ਗਲਤੀ ਦੀ ਖਿਮਾ ਵੀ ਮੰਗੀ ਗਈ ਅਤੇ ਨੰਗੇ ਪੈਰੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੰਤਰੀ ਬੈਂਸ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ “ਹੁਣ ਉਹ ਹਰਿਮੰਦਰ ਸਾਹਿਬ ਤੋਂ ਨੌਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰੂ ਕੇ ਮਹਿਲ ਤੱਕ ਪੈਦਲ ਜਾਣਗੇ। ਇਸ ਅਸਥਾਨ ਨੂੰ ਜਾਂਦੇ ਰਸਤਿਆਂ ਅਤੇ ਗਲੀਆਂ ਨੂੰ ਠੀਕ ਕਰਵਾਉਣਗੇ ਅਤੇ ਚੰਗੀ ਸਾਫ਼-ਸਫਾਈ ਯਕੀਨੀ ਬਣਾਉਣਗੇ। ਇਸ ਤੋਂ ਬਾਅਦ ਉਹ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ, ਵੱਲਾ, ਸ੍ਰੀ ਅੰਮ੍ਰਿਤਸਰ ਵਿਖੇ 100 ਮੀਟਰ ਤੁਰ ਕੇ ਜਾਣਗੇ। ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨ, ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਲੋੜੀਂਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ।”











