ਪੰਜਾਬ ਚ 10 ਮਈ ਨੂੰ ਹੋਣ ਵਾਲੀ ਜਲੰਧਰ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਚੋਣ ਪ੍ਰਚਾਰ ਵਿਚ ਜੁੱਟੀ ਹੋਈ ਹੈ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇਤਰਾਜ਼ਯੋਗ ਵੀਡੀਓ ਜਾਰੀ ਕਰਕੇ ਪੰਜਾਬ ਵਿਚ ਨਵਾਂ ਸਿਆਸੀ ਤੂਫ਼ਾਨ ਲਿਆ ਦਿਤਾ ਸੀ। ਹੁਣ ਖਹਿਰਾ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਕੇ ਆਮ ਆਦਮੀ ਪਾਰਟੀ ਦੀ ਚਿੰਤਾ ਵਧਾ ਦਿੱਤੀ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਸ਼ਲੀਲ ਵੀਡੀਓ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਤਿਖੇ ਹਮਲੇ ਕਰਦਿਆਂ ਪੁੱਛਿਆ ਕਿ ਅਸ਼ਲੀਲ ਵੀਡੀਓ ‘ਚ ਪੰਜਾਬ ਦਾ ਕਿਹੜਾ ਮੰਤਰੀ ਹੈ । ਜਲੰਧਰ ਚ ਪ੍ਰੈਸ ਕਾਨਫਰੰਸ ਰਾਹੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਵੀਡੀਓ ਪੰਜਾਬ ਦੇ ਗਵਰਨਰ ਨੂੰ ਸੌਂਪ ਕੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਚਾਰ ਲਈ ਮਾਨ ਅਤੇ ਕੇਜਰੀਵਾਲ ਦੇ ਦੌਰੇ ਤਾਂ ਪਹਿਲਾਂ ਹੀ ਤੈਅ ਹਨ ਤੇ ਦੋਵਾਂ ਦੇ ਜਲੰਧਰ ਆਉਣ ਤੋਂ ਪਹਿਲਾਂ ਉਸ ਮੰਤਰੀ ਦਾ ਨਾਂ ਜਨਤਕ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਹੈ ਕਿ ਆਗੂਆਂ ਦਾ ਨਾਮ ਬਦਨਾਮ ਕਰਨ ਵਾਲੇ ਮੰਤਰੀ ਤੋਂ ਤੁਰੰਤ ਅਸਤੀਫਾ ਲੈ ਕੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।