Uncategorized

ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ RTA ਦੇ ਕੰਮਾਂ ਦੀ ਵੰਡ ਮੁੜ-ਨਿਰਧਾਰਤ

ਪੰਜਾਬ ਵਿੱਚ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਨੂੰ ਹੋਰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀਜ਼ (ਆਰ.ਟੀ.ਏਜ਼.) ਦੇ ਅਧਿਕਾਰ-ਖੇਤਰਾਂ ਅਧੀਨ ਕੰਮਾਂ ਨੂੰ ਮੁੜ-ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਟਿਆਲਾ, ਜਲੰਧਰ, ਫ਼ਿਰੋਜ਼ਪੁਰ ਅਤੇ ਬਠਿੰਡਾ ਵਿਖੇ ਰੀਜਨਲ ਟਰਾਂਸਪੋਰਟ ਅਥਾਰਟੀਜ਼ ਦੇ ਦਫ਼ਤਰਾਂ ਦੇ ਗਠਨ ਪਿੱਛੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਪੰਜਾਬ ਮੋਟਰ ਵਾਹਨ ਨਿਯਮਾਂਵਲੀ-1989 ਦੇ ਨਿਯਮ 122(2) ਅਤੇ ਮੋਟਰ ਵਾਹਨ ਐਕਟ-1988 ਦੀ ਧਾਰਾ 68(2)(i) ਅਤੇ 68(5) ਤਹਿਤ ਰੀਜਨਲ ਟਰਾਂਸਪੋਰਟ ਅਥਾਰਟੀਜ਼ ਨੂੰ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਕਰਨਯੋਗ ਵੱਖੋ-ਵੱਖ ਕੰਮ ਸੌਂਪੇ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੋਂ ਰੂਟਾਂ ਦੀ ਸਮਾਂ-ਸਾਰਣੀ ਬਣਾਉਣ ਅਤੇ ਮਨਜ਼ੂਰੀ ਦੇਣ, ਸਟੇਜ ਕੈਰਿਜ ਪਰਮਿਟ ਨਵਿਆਉਣ, ਪਰਮਿਟਾਂ ਦੇ ਤਬਾਦਲੇ, ਵਾਹਨਾਂ ਦੀ ਤਬਦੀਲੀ, ਆਰਜ਼ੀ ਪਰਮਿਟ ਦੇਣ, ਸਟੇਜ ਕੈਰਿਜ ਪਰਮਿਟਾਂ ਦੇ ਕਾਊਂਟਰ-ਸਾਈਨ, ਪਰਮਿਟਾਂ ਦੀ ਕਲੱਬਿੰਗ, ਬੱਸਾਂ ਦੀ ਸਧਾਰਣ ਤੋਂ ਐਚ.ਵੀ.ਏ.ਸੀ. ਅਤੇ ਐਚ.ਵੀ.ਏ.ਸੀ. ਤੋਂ ਸਧਾਰਣ ਵਿੱਚ ਤਬਦੀਲੀ ਸਬੰਧੀ ਕੰਮ ਰੀਜਨਲ ਟਰਾਂਸਪੋਰਟ ਅਥਾਰਟੀਆਂ ਵੱਲੋਂ ਕੀਤੇ ਜਾਣਗੇ।

ਟਰਾਂਸਪੋਰਟ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਵੱਲੋਂ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਆਪਣੇ ਅਧਿਕਾਰ ਖੇਤਰ ਵਿੱਚ ਅਤੇ ਮੋਟਰ ਵਾਹਨ ਐਕਟ-1988 ਤੇ ਇਸ ਤਹਿਤ ਬਣਾਏ ਗਏ ਨਿਯਮਾਂ ਵਿੱਚ ਨਿਰਧਾਰਤ ਸ਼ਰਤਾਂ ਅਧੀਨ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੀਜਨਲ ਟਰਾਂਸਪੋਰਟ ਅਥਾਰਟੀਆਂ ਨੂੰ ਕੰਮਾਂ ਦੀ ਵੰਡ ਦਾ ਉਦੇਸ਼ ਖੇਤਰੀ ਪੱਧਰ ‘ਤੇ ਟਰਾਂਸਪੋਰਟ ਵਿਭਾਗ ਸਬੰਧੀ ਮਾਮਲਿਆਂ ਵਿੱਚ ਵਧੇਰੇ ਕੁਸ਼ਲਤਾ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਹੈ।

ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਟੇਜ ਕੈਰਿਜ ਪਰਮਿਟ ਦੇਣ/ਰੱਦ ਕਰਨ, ਰੂਟਾਂ ਵਿੱਚ ਵਾਧਾ/ਬਦਲਾਅ/ਕਟੌਤੀ ਅਤੇ ਯਾਤਰਾਵਾਂ ਵਿੱਚ ਵਾਧਾ ਆਦਿ ਜ਼ਰੂਰੀ ਕੰਮ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਅਧੀਨ ਰਹਿਣਗੇ।

Leave a Reply

Your email address will not be published. Required fields are marked *

Back to top button