Jalandhar

ਜਲੰਧਰ ਦੇ ਧੁੱਸੀ ਬੰਨ੍ਹ ‘ਚ 2 ਥਾਵਾਂ ਤੋਂ ਪਿਆ ਪਾੜ: ਬਿਸਤ ਦੋਆਬਾ ਨਹਿਰ ਦਾ ਪਾਣੀ ਵੀ ਖ਼ਤਰੇ ਦੇ ਨਿਸ਼ਾਨ ‘ਤੇ,ਪ੍ਰਨੀਤ ਕੌਰ ਵਲੋਂ ਨਦੀ ਨੂੰ ਨੱਥ ਤੇ ਚੂੜਾ ਭੇਂਟ

ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ ‘ਚ ਦੋ ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ ਹੈ। ਲੋਕਾਂ ਨੇ ਦੱਸਿਆ ਕਿ ਧੁੱਸੀ ਬੰਨ੍ਹ ’ਚ ਦੋ ਥਾਵਾਂ ’ਤੇ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਪਾਣੀ ਪਿੰਡਾਂ ’ਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਐਨ ਡੀ ਆਰ ਐਫ ਦੀ ਟੀਮ ਵੱਲੋਂ ਲੋਕਾਂ ਨੂੰ ਕੱਢਣ ਲਈ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ।

ਸਤਲੁਜ ਦਰਿਆ ਦੇ ਪਾਣੀ ਨੂੰ ਬਚਾਉਣ ਲਈ ਬਣਾਇਆ ਗਿਆ ਧੁੱਸੀ ਲੱਖੇ ਦਾਣਾ ਪਿੰਡ ਛੰਨਾ ਨੇੜੇ ਟੁੱਟ ਗਿਆ ਹੈ। ਇਸ ਤੋਂ ਕੁਝ ਦੂਰੀ ’ਤੇ ਇੱਕ ਹੋਰ ਥਾਂ ’ਤੇ ਵੀ ਬੰਨ੍ਹ ਟੁੱਟ ਗਿਆ ਹੈ। ਅਗਸਤ 2019 ਵਿੱਚ ਲੋਹੀਆਂ ਵਿੱਚ ਆਏ ਹੜ੍ਹ ਵਿੱਚ ਵੀ ਇਹ ਹੀ ਬੰਨ੍ਹ ਟੁੱਟ ਗਿਆ ਸੀ। ਇਸ ਵਾਰ ਵੀ ਇਸੇ ਇਲਾਕੇ ਵਿੱਚ ਬੰਨ੍ਹ ਟੁੱਟ ਗਿਆ ਹੈ। ਲੋਹੀਆ ਪਾਰ ਕਰਕੇ ਗਿੱਦੜਪਿੰਡੀ ਵਿਖੇ ਪੁਰਾਣਾ ਰੇਲਵੇ ਪੁਲ ਹੈ।

 

ਪੰਜਾਬ ਦੇ ਵੱਖ ਵੱਖ ਹਿੱਸਿਆਂ ਅੰਦਰ ਭਾਰੀ ਬਰਸਾਤ ਤੋਂ ਬਾਅਦ ਬਣੇ ਹੜ ਵਰਗੇ ਹਾਲਾਤਾਂ ਦਾ ਅਸਰ ਬਿਸਤ ਦੋਆਬਾ ਨਹਿਰ ਤੇ ਵੀ ਨਜ਼ਰ ਆਇਆ ਜਿੱਥੇ ਅੱਜ ਨਹਿਰ ਖ਼ਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਆ ਗਈ ਤੇ ਕਈ ਜਗਾਹ ਨਹਿਰ ਦੇ ਓਵਰ ਫਲੋ ਨੂੰ ਵੇਖਦੇ ਹੋਏ ਬੋਰੇ ਲਗਾਉਣ ਦਾ ਕੰਮ ਵੀ ਆਮ ਲੋਕਾਂ ਵੱਲੋਂ ਬਚਾਓ ਲਈ ਸ਼ੁਰੂ ਹੋਇਆ।

ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਪਟਿਆਲਾ ਦੀ ਬੜੀ ਨਦੀ ਨੂੰ ਰਵਾਇਤੀ ਨੱਥ ਅਤੇ ਚੂੜਾ ਭੇਂਟ ਕੀਤਾ

ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਆਪਣੀ ਧੀ ਜੈ ਇੰਦਰ ਕੌਰ ਨਾਲ ਪਟਿਆਲਾ ਦੇ ਬੜੀ ਨਦੀ ਨੂੰ ਰਵਾਇਤੀ ਨੱਥ ਅਤੇ ਚੂੜਾ ਭੇਂਟ ਕੀਤਾ।

ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਸਭ ਤੋਂ ਪਹਿਲਾਂ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਵਿਖੇ ਬੁਰਜ ਬਾਬਾ ਆਲਾ ਸਿੰਘ ਜੀ ਵਿਖੇ ਮੱਥਾ ਟੇਕਿਆ, ਜਿੱਥੇ ਪਟਿਆਲਾ ਅਤੇ ਪੰਜਾਬ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਅਰਦਾਸ ਅਤੇ ਪੂਜਾ ਕੀਤੀ ਗਈ ਅਤੇ ਫਿਰ ਉਨ੍ਹਾਂ ਨੇ ਪਟਿਆਲਾ ਦੀ ਬੜੀ ਨਦੀ ਵਿਖੇ ਨੱਥ ਅਤੇ ਚੂੜਾ ਭੇਟ ਕੀਤਾ।

ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਟਿਆਲਾ ਅਤੇ ਪੰਜਾਬ ਦੇ ਹੋਰ ਕਈ ਥਾਵਾਂ ‘ਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਹ ਪਟਿਆਲਾ ਦੀ ਸਦੀਆਂ ਪੁਰਾਣੀ ਰਵਾਇਤ ਹੈ ਅਤੇ ਪਟਿਆਲਾ ਦੇ 1993 ਦੇ ਹੜ੍ਹਾਂ ਦੌਰਾਨ ਵੀ ਇਹ ਕੀਤਾ ਗਿਆ ਸੀ।”

ਉਨ੍ਹਾਂ ਨੇ ਅੱਗੇ ਦੱਸਿਆ, “ਸਭ ਤੋਂ ਪਹਿਲਾਂ ਅਸੀਂ ਇਤਿਹਾਸਕ ਬੁਰਜ ਬਾਬਾ ਆਲਾ ਸਿੰਘ ਜੀ ਕਿਲਾ ਮੁਬਾਰਕ ਵਿਖੇ ਪੂਜਾ ਅਰਚਨਾ ਅਤੇ ਅਰਦਾਸ ਕੀਤੀ ਅਤੇ ਫਿਰ ਇੱਥੇ ਮੈਂ ਅਤੇ ਮੇਰੀ ਬੇਟੀ ਜੈ ਇੰਦਰ ਕੌਰ ਨੇ ਪਟਿਆਲਾ ਦੀ ਬੜੀ ਨਦੀ ਨੂੰ ਰਵਾਇਤੀ ਵਸਤੂਆਂ ਭੇਂਟ ਕੀਤੀਆਂ। ਮੈਂ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਸਾਰੀਆਂ ਤੇ ਮੇਹਰ ਕਰਨ ਅਤੇ ਅਸੀਂ ਸਾਰੇ ਇਸ ਸਮੱਸਿਆ ਤੋਂ ਉਭਰ ਸਕੀਏ।”

Leave a Reply

Your email address will not be published. Required fields are marked *

Back to top button