
ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ਵਿਚਕਾਰ ਨਿੱਤ ਲੱਗਦੇ ਟ੍ਰੈਫਿਕ ਜਾਮ ਦੇੇ ਮਸਲੇ ਨੂੰ ਹੱਲ ਕਰਨ ਲਈ ਲੰਘੇ ਦਿਨ ਦੁਪਹਿਰ ਸਮੇਂ ਜ਼ਿਲ੍ਹਾ ਦਿਹਾਤੀ ਪੁਲਿਸ ਟੀਮ ਕਿਸ਼ਨਗੜ੍ਹ ਚੌਕ ‘ਚ ਬੈਰੀਕੇਡ ਲਾਉਣ ਤੇ ਜੇਸੀਬੀ ਮਸ਼ੀਨ ਦੇ ਨਾਲ ਪੱਥਰਾਂ ਦੀਆਂ ਰੋਕਾਂ ਲਾ ਕੇ ਚੌਕ ਨੂੰ ਵਿਚਕਾਰੋੋਂ ਬੰਦ ਕਰਨ ਲਈ ਪਹੁੰਚੀ ਤਾਂ ਕਿਸ਼ਨਗੜ੍ਹ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਵਿਰੋਧ ਕੀਤਾ ਗਿਆ।
ਵਿਰੋਧ ਕਰਨ ਵਾਲਿਆਂ ਨੇ ਆਖਿਆ ਕਿ ਇਸ ਨਾਲ ਉਨ੍ਹਾਂ ਦੀ ਦੁਕਾਨਦਾਰੀ ਬਿਲਕੁਲ ਖਤਮ ਹੋ ਜਾਵੇਗੀ, ਕਿਉਂਕਿ ਇਲਾਕੇ ਦੇ ਲੋਕਾਂ ਨੂੰ ਰੋਕਾਂ ਕਾਰਨ ਕਰੀਬ ਦੋ ਕਿਲੋਮੀਟਰ ਦਾ ਰਸਤਾ ਤਹਿ ਕਰਕੇ ਘੁੰਮ ਕੇ ਆਉਣਾ ਪਵੇਗਾ। ਉਨ੍ਹਾਂ ਨੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੂੰ ਆਖਿਆ ਕਿ ਚੌਕ ‘ਚ ਰੋਕਾਂ ਲਾਉਣ ਦੀ ਬਜਾਏ ਟ੍ਰੈਫਿਕ ਪੁਲਿਸ ਦੇ ਕੁਝ ਕਰਮਚਾਰੀਆਂ ਦੀ ਪੱਕੀ ਡਿਊਟੀ ਦੇ ਨਾਲ-ਨਾਲ ਟ੍ਰੈਫਿਕ ਸਿਗਨਲ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ।