ਹਿੰਦੂ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਮਿਸ਼ਨ ਚੌਕ ਤੋਂ ਡੀਸੀ ਦਫ਼ਤਰ ਤਕ ਭਗਵਾ ਮਾਰਚ ਕੱਿਢਆ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਨਸ਼ੇ ਤੇ ਚਾਈਨਾ ਡੋਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਪਰ ਸਿੱਖ ਤਾਲਮੇਲ ਕਮੇਟੀ ਨੂੰ ਕਿਸੇ ਵੱਲੋਂ ਗਲਤ ਸੂਚਨਾ ਦੇ ਦਿੱਤੀ ਕਿ ਉਨ੍ਹਾਂ ਵੱਲੋਂ ਸਿੱਖ ਧਰਮ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸਿੱਖ ਤਾਲਮੇਲ ਕਮੇਟੀ ਮੈਂਬਰ ਰੋਸ ਮਾਰਚ ਵਾਲੀ ਥਾਂ ‘ਤੇ ਪਹੁੰਚ ਗਏ। ਜਿਸ ਦੌਰਾਨ ਹਿੰਦੂ ਜਥੇਬੰਦੀਆਂ ਅਤੇ ਸਿੱਖ ਤਾਲਮੇਲ ਕਮੇਟੀ ਮੈਂਬਰ ਆਹਮੋ-ਸਾਹਮਣੇ ਹੋ ਗਏ। ਕੁਝ ਦੇਰ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੀ ਸੂਚਨਾ ਮਿਲਦੇ ਹੀ ਡੀਸੀਪੀ ਜਗਮੋਹਨ ਸਿੰਘ ਪੁਲੀਸ ਮੁਲਾਜ਼ਮਾਂ ਨਾਲ ਮੌਕੇ ‘ਤੇ ਪੁੱਜੇ। ਜਿਨ੍ਹਾਂ ਵੱਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹ ਨਸ਼ੇ ਤੇ ਚਾਈਨਾ ਡੋਰ ਖਿਲਾਫ ਸ਼ਾਂਤਮਈ ਭਗਵਾ ਮਾਰਚ ਕੱਢ ਰਹੇ ਸੀ ਪਰ ਅਚਾਨਕ ਸਿੱਖ ਤਾਲਮੇਲ ਕਮੇਟੀ ਮੈਂਬਰਾਂ ਨੇ ਉਥੇ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਇਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋਇਆ। ਦੂਜੇ ਪਾਸੇ ਜਦੋਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਿੰਦੂ ਸ਼ਿਵ ਸੈਨਾ ਆਗੂ ਜਦੋਂ ਵੀ ਕੋਈ ਮਾਰਚ ਕੱਢਦੇ ਹਨ ਤਾਂ ਇਹ ਉਨ੍ਹਾਂ ਦੇ ਧਰਮ ਵਿਰੁੱਧ ਮਾੜਾ ਬੋਲਦੇ ਹਨ। ਇਸ ਕਾਰਨ ਉਨ੍ਹਾਂ ਵੱਲੋਂ ਮਾਰਚ ਰੋਕਿਆ ਗਿਆ। ਡੀਸੀਪੀ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਸਿੱਖ ਤਾਲਮੇਲ ਕਮੇਟੀ ਮੈਂਬਰਾਂ ਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ। ਮਾਰਚ ਨੂੰ ਡੀਸੀ ਦਫ਼ਤਰ ਤੱਕ ਪਹੁੰਚਣ ਤੋਂ ਰੋਕ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਉਥੇ ਹੀ ਹਿੰਦੂ ਜਥੇਬੰਦੀਆਂ ਤੋਂ ਮੰਗ ਪੱਤਰ ਲੈ ਲਿਆ।