ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਸ਼ਿਆਂ ਦੇ ਮਾਮਲੇ ਵਿਚ ਅਦਾਲਤ ਵਿਚ ਸੀਲਬੰਦ ਪਈਆਂ 4 ਵਿਚੋਂ 3 ਰਿਪੋਰਟਾਂ ਅੱਜ ਖੋਲ੍ਹ ਦਿੱਤੀਆਂ ਤੇ ਇਸ ਮਾਮਲੇ ਵਿਚ ਸਾਬਕਾ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਤੇ ਦਿਨਕਰ ਗੁਪਤਾ ਨੂੰ ਨੋਟਿਸ ਜਾਰੀ ਕੀਤਾ ਹੈ।
ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਦਿੰਦਿਆਂ ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ 23.5.2018 ਨੂੰ ਜਸਟਿਸ ਸੂਰਿਆਕਾਂਤ ਨੇ ਇਹ ਚਾਰ ਰਿਪੋਰਟਾਂ ਰਿਪੋਰਟਾਂ ਪੜ੍ਹ ਕੇ ਬੰਦ ਕਰ ਦਿੱਤੀਆਂ ਸਨ ਜਿਹਨਾਂ ਨੂੰ ਖੋਲ੍ਹਣ ਲਈ ਉਹਨਾਂ 2022 ਵਿਚ ਅਰਜ਼ੀ ਦਾਇਰ ਕੀਤੀ ਸੀ। ਉਹਨਾਂ ਦੱਸਿਆ ਕਿ ਅੱਜ 4 ਵਿਚੋਂ ਤਿੰਨ ਰਿਪੋਰਟਾਂ ਖੋਲ੍ਹ ਦਿੱਤੀਆਂ ਹਨ ਜੋ ਹੁਣ ਜਨਤਕ ਹੋ ਗਈਆਂ ਹਨ ਜਦੋਂ ਕਿ ਚੌਥੀ ਰਿਪੋਰਟ ਜੱਜ ਸਾਹਿਬ ਨੇ ਪੜ੍ਹ ਕੇ ਮੁੜ ਬੰਦ ਕਰ ਦਿੱਤੀ ਹੈ।
ਹਾਈ ਕੋਰਟ ਨੇ ਇਸ ਮਾਮਲੇ ਵਿਚ ਸਾਬਕਾ ਡੀ ਜੀ ਪੀ ਦਿਨਕਰ ਗੁਪਤਾ ਅਤੇ ਸਿਧਾਰਥ ਚਟੋਪਾਧਿਆਏ ਨੂੰ ਆਪਣਾ ਪੱਖ ਰੱਖਣ ਵਾਸਤੇ ਕਿਹਾ ਹੈ। ਇਸ ਮਾਮਲੇ ਵਿਚ ਸਾਬਕਾ ਡੀ ਜੀ ਪੀ ਸੁਰੇਸ਼ ਅਰੋੜਾ ਵਾਸਤੇ ਪਹਿਲਾਂ ਵਕੀਲ ਅਦਾਲਤ ਵਿਚ ਪੇਸ਼ ਹੋਏ ਤੇ ਉਹਨਾਂ ਅਰਜ਼ੀ ਦੇ ਕੇ ਮੰਗ ਕੀਤੀ ਕਿ ਸਾਨੂੰ ਕੇਸ ਵਿਚ ਧਿਰ ਬਣਾਇਆ ਜਾਵੇ ਤੇ ਆਪਣਾ ਪੱਖ ਰੱਖਣ ਦਿੱਤਾ ਜਾਵੇ।
ਉਹਨਾਂ ਦੱਸਿਆ ਕਿ ਹਾਈ ਕੋਰਟ ਵਿਚ ਦਿਨਕਰ ਗੁਪਤਾ ਦੇ ਵਕੀਲ ਵੀ ਪੇਸ਼ ਹੋ ਗਏ ਸਨ ਤੇ ਅਦਾਲਤ ਨੇ ਸਿਧਾਂਰਥ ਚਟੋਪਾਧਿਆਏ ਨੂੰ ਵੀ ਆਖਿਆ ਹੈ ਕਿ ਪੇਸ਼ ਹੋਵੋ ਤੇ ਆਪਣਾ ਪੱਖ ਰੱਖੋ।
ਉਹਨਾਂ ਕਿਹਾ ਕਿ ਪੁਲਿਸ ਵਾਲੇ ਜਿਹੜੇ ਸ਼ਾਮਲ ਹਨ, ਉਹਨਾਂ ਨੂੰ ਸਜ਼ਾਵਾਂ ਦੁਆਉਣਾ ਸਾਡਾ ਮੁੱਖ ਮੁੱਦਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਨਸ਼ਿਆਂ ਵਿਚ ਪੁਲਿਸ ਦੀ ਗੰਢਤੁਪ ਨਹੀਂ ਟੁੱਟਦੀ, ਇਹ ਨਸ਼ੇ ਖਤਮ ਨਹੀਂ ਹੋ ਸਕਦੇ। ਉਹਨਾਂ ਇਹ ਵੀ ਦੱਸਿਆ ਕਿ ਹਾਈ ਕੋਰਟ ਨੇ ਸਿਧਾਰਥ ਚਟੋਪਾਧਿਆਏ ਖਿਲਾਫ ਕੇਸ ਬਾਰੇ ਸਟੇਟਸ ਰਿਪੋਰਟ ਮੰਗੀ ਹੈ।