IndiaPolitics

ਇਸ਼ਕ ਨੇ ਤਾਰਿਆ: ਬਾਰ੍ਹਵੀ ‘ਚੋਂ ਫੇਲ੍ਹ ਆਟੋ ਚਾਲਕ ਬਣਿਆ IPS, Additional Commissioner of Police

ਇਸ਼ਕ ਬੰਦੇ ਨੂੰ ਡੋਬ ਦਿੰਦਾ ਹੈ। ਪਰ ਜੇਕਰ ਇਸ਼ਕ ਮਹਿਜ਼ ਕੱਚੀ ਉਮਰ ਦੀਆਂ ਭਾਵਨਾਵਾਂ ਦਾ ਵਹਿਣ ਨਾ ਹੋ ਕੇ ਇਕ ਸੂਝਵਾਨ ਰਿਸ਼ਤੇ ਦੀ ਬੁਨਿਆਦ ਹੋਵੇਗਾ ਤਾਂ ਅਜਿਹਾ ਇਸ਼ਕ ਤਾਰ ਵੀ ਦਿੰਦਾ ਹੈ।
ਅਜਿਹੀ ਹੀ ਕਹਾਣੀ ਹੈ ਮੱਧ ਪ੍ਰਦੇਸ਼ ਦੇ ਮੁਰੈਨਾ ਜਿਲ੍ਹੇ ਦੇ ਮਨੋਜ ਕੁਮਾਰ ਸ਼ਰਮਾ ਜਾਂ ਹੁਣ ਸਹੀ ਕਿਹਾ ਜਾਵੇ ਤਾਂ ਆਈਪੀਐਸ ਮਨੋਜ ਕੁਮਾਰ ਸ਼ਰਮਾ ਦੀ। ਮਨੋਜ ਆਪਣੀ ਜੀਵਨ ਕਹਾਣੀ ਦੱਸਦੇ ਹਨ ਕਿ ਉਹ ਇਕ ਗਰੀਬ ਪਰਿਵਾਰ ਵਿਚ ਪਲਿਆ ਤੇ ਵੱਡਾ ਹੋਇਆ ਸੀ। ਬਚਪਨ ਤੋਂ ਹੀ ਪੜ੍ਹਾਈ ਵਿਚ ਕਦੇ ਅੱਵਲ ਨਹੀਂ ਆਇਆ ਸੀ, ਬਲਕਿ ਇਕ ਸਧਾਰਨ ਵਿਦਿਆਰਥੀ ਸੀ। ਪਰ ਉਸਨੂੰ ਇਕ ਅਜਿਹਾ ਹੌਂਸਲਾ ਮਿਲਿਆ ਕਿ ਉਹ ਦੇਸ਼ ਦੀ ਸਭ ਤੋਂ ਔਖੀ ਗਿਣੀ ਜਾਂਦੀ UPSC ਦੀ ਪ੍ਰੀਖਿਆ ਪਾਸ ਕਰਕੇ ਆਈਪੀਐੱਸ ਅਫ਼ਸਰ ਬਣ ਗਿਆ ਹੈ।

ਭਾਰਤ ਦੇ ਲੱਖਾਂ ਅਜਿਹੇ ਨੌਜਵਾਨ ਹਨ ਜੋ ਆਈਪੀਐੱਸ (IPS) ਅਫ਼ਸਰ ਬਣਨ ਦੇ ਚਾਹਵਾਨ ਹਨ। ਉਹ ਸਰਕਾਰੀ ਨੌਕਰੀ (Govt. Job) ਲਈ ਮਿਹਨਤਾਂ ਕਰਦੇ ਹਨ। ਮਨੋਜ ਕੁਮਾਰ ਵੀ ਅਜਿਹਾ ਹੀ ਇਕ ਨੌਜਵਾਨ ਸੀ, ਜੋ ਹੁਣ ਸਫ਼ਲ ਹੋ ਚੁੱਕਿਆ ਹੈ ਤੇ ਉਸਦੀ ਜੀਵਨ ਕਹਾਣੀ ਕਈਆਂ ਨੂੰ ਉਤਸ਼ਾਹਿਤ ਕਰੇਗੀ। ਆਓ ਜਾਣਦੇ ਹਾਂ ਮਨੋਜ ਕੁਮਾਰ ਦੀ ਸੰਘਰਸ਼ੀ ਕਹਾਣੀ –

12ਵੀਂ ਫੇਲ੍ਹ

ਮਨੋਜ ਕੁਮਾਰ ਦੱਸਦੇ ਹਨ ਕਿ ਉਹ ਬਚਪਨ ਤੋਂ ਹੀ ਹੁਸ਼ਿਆਰ ਵਿਦਿਆਰਥੀ ਨਹੀਂ ਸਨ। ਦਸਵੀਂ ਦੀ ਪ੍ਰੀਖਿਆ ਉਸਨੇ ਥਰਡ ਡਿਵੀਜ਼ਨ ਵਿਚ ਪਾਸ ਕੀਤੀ ਸੀ। ਉਸਦੇ ਘਰਦਿਆਂ ਨੂੰ ਵੀ ਆਪਣੇ ਇਸ ਸਧਾਰਨ ਬੁੱਧ ਬਾਲਕ ਤੋਂ ਕੋਈ ਬਹੁਤੀ ਆਸ ਨਹੀਂ ਸੀ। 12ਵੀਂ ਵਿਚ ਤਾਂ ਮਨੋਜ ਪਹਿਲੀ ਵਾਰ ਸਾਰੇ ਹੀ ਵਿਸ਼ਿਆ ਵਿਚੋਂ ਫੇਲ੍ਹ ਹੋ ਗਿਆ ਸੀ, ਉਹ ਸਿਰਫ਼ ਹਿੰਦੀ ਵਿਚੋਂ ਪਾਸ ਸੀ।

ਆਟੋ ਚਲਾਇਆ ਤੇ ਭਿਖਾਰੀਆਂ ਨਾਲ ਵੀ ਸੁੱਤਾ

ਘਰੋਂ ਗਰੀਬ ਹੋਣ ਕਾਰਨ ਮਨੋਜ ਕੁਮਾਰ ਨੇ ਆਪਣੇ ਕਾਲਜ ਦੇ ਦਿਨਾਂ ਵਿਚ ਆਟੋ ਵੀ ਚਲਾਇਆ। ਬੜ੍ਹੀ ਵਾਰ ਉਹ ਰਾਤਾਂ ਨੂੰ ਭਿਖਾਰੀਆਂ ਦੇ ਵਿਚਕਾਰ ਹੀ ਸੁੱਤਾ ਪਰ ਮਿਹਨਤ ਜਾਰੀ ਰੱਖੀ। ਇਹਨਾਂ ਹੀ ਦਿਨਾਂ ਵਿਚ ਉਹ ਦਿੱਲੀ ਦੀ ਇਕ ਲਾਇਬ੍ਰੇਰੀ ਜਾਣ ਲੱਗਾ ਜਿੱਥੇ ਉਸਦੀ ਕਿਤਾਬਾਂ ਰਾਹੀਂ ਗੋਰਕੀ, ਮੁਕਤੀਬੋਧ ਤੇ ਅਬਰਾਹਮ ਲਿੰਕਨ ਜਿਹੇ ਨਾਮੀ ਵਿਅਕਤੀਆਂ ਨਾਲ ਮੁਲਾਕਾਤ ਹੋਈ। ਇਹਨਾਂ ਦੀਆਂ ਕਿਤਾਬਾਂ ਰਾਹੀਂ ਉਸਨੇ ਜ਼ਿੰਦਗੀ ਦੇ ਨਵੇਂ ਪੱਖਾਂ ਨੂੰ ਸਮਝਿਆ ਤੇ ਉਸਨੂੰ ਮਿਹਨਤ ਕਰਨ ਲਈ ਹੌਂਸਲਾ ਅਫ਼ਜਾਈ ਮਿਲੀ।

ਪ੍ਰੇਮਿਕਾ ਨਾਲ ਕੀਤਾ ਵਾਅਦਾ

ਵਿਦਿਆਰਥੀ ਹੁਸ਼ਿਆਰ ਹੋਵੇ ਚਾਹੇ ਨਲਾਇਕ, ਪਰ ਭਾਵਨਾਵਾਂ ਸਭ ਵਿਚ ਹੁੰਦੀਆਂ ਹਨ। ਇਹਨਾਂ ਹੀ ਭਾਵਨਾਵਾਂ ਵਿਚ ਮਨੋਜ ਨੂੰ 12ਵੀਂ ਜਮਾਤ ਵਿਚ ਪੜ੍ਹਦਿਆਂ ਇਕ ਕੁੜੀ ਨਾਲ ਪਿਆਰ ਹੋ ਗਿਆ। 12ਵੀਂ ਦਾ ਸਾਲ ਪੂਰਾ ਹੋਇਆ ਪਰ ਮਨੋਜ ਫੇਲ੍ਹ ਹੋ ਗਿਆ। ਹੁਣ ਇਕ ਬਾਰ੍ਹਵੀ ਫੇਲ੍ਹ ਨੌਜਵਾਨ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕਰੇ, ਉਸਨੂੰ ਤਾਂ ਸ਼ਰਮ ਹੀ ਬਹੁਤ ਸੀ। ਅਖ਼ੀਰ ਦਿਲ ਨਾ ਹੀ ਮੰਨਿਆ ਤਾਂ ਇਸ ਪ੍ਰਸਤਾਵ ਨਾਲ ਉਸਨੇ ਆਪਣੇ ਦਿਲ ਦੀ ਗੱਲ ਆਪਣੀ ਪ੍ਰੇਮਿਕਾ ਨੂੰ ਕਹੀ ਕੇ ਜੇਕਰ ਉਹ ਕਹੇ ਤਾਂ ਪੂਰੀ ਦੁਨੀਆਂ ਜਿੱਤ ਲਵਾਂਗਾ। ਇਸ ਲਈ ਉਸਨੇ ਮਿਹਨਤ ਕੀਤੀ ਅਤੇ ਬਾਰ੍ਹਵੀਂ ਪਾਸ ਕੀਤੀ। ਮਿਹਨਤ ਕਰਨ ਨਾਲ ਐਸਾ ਮੋਹ ਪਿਆ ਕਿ ਉਸਨੇ ਅੰਤ UPSC ਦਾ ਪੇਪਰ ਵੀ ਪਾਸ ਕਰ ਲਿਆ। ਉਸਦੀ ਪ੍ਰੇਮਿਕਾ ਸ਼ਰਧਾ ਜੋਸ਼ੀ ਅੱਜਕਲ੍ਹ ਉਸਦੀ ਪਤਨੀ ਹੈ।

UPSC ‘ਚੋਂ ਵੀ ਹੋਇਆ ਤਿੰਨ੍ਹ ਵਾਰ ਅਸਫਲ

UPSC ਦੀ ਪ੍ਰੀਖਿਆ ਪਾਸ ਕਰਨ ਲਈ ਕੁੱਲ੍ਹ ਚਾਰ ਮੌਕੇ ਹੁੰਦੇ ਹਨ। ਪਰ ਮਨੋਜ ਕੁਮਾਰ ਪਹਿਲੀਆਂ ਤਿੰਨ ਕੋਸ਼ਿਸ਼ਾਂ ਵਿਚ ਅਸਫ਼ਲ ਹੋ ਗਿਆ ਸੀ। ਪਰ ਉਸਨੇ ਹਿੰਮਤ ਨਾ ਹਾਰੀ, ਪ੍ਰੇਮਿਕਾ ਨਾਲ ਕੀਤਾ ਵਾਅਦਾ ਤੇ ਦਿੱਲੀ ਦੀ ਲਾਇਬ੍ਰੇਰੀ ਚੋਂ ਪੜ੍ਹੇ ਲੇਖਕਾਂ ਦੀ ਕਿਤਾਬਾਂ ਚੋਂ ਮਿਲੀ ਸਿੱਖਿਆ ਕਾਰਨ ਉਹ ਮੈਦਾਨ ਵਿਚ ਡਟਿਆ ਰਿਹਾ। ਆਖਰ ਉਸਨੇ ਚੌਥੀ ਕੋਸ਼ਿਸ਼ ਵਿਚ 121ਵਾਂ ਰੈਂਕ ਹਾਸਲ ਕਰਕੇ UPSC ਦੀ ਪ੍ਰੀਖਿਆ ਪਾਸ ਕਰ ਲਈ। ਅੱਜਕਲ੍ਹ ਉਹ ਮੁੰਬਈ ਪੁਲਸ ਵਿਚ ਐਡੀਸ਼ਨਲ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੇ ਹਨ।

Leave a Reply

Your email address will not be published.

Back to top button