ਬਟਾਲਾ ਦੇ ਪਿੰਡ ਸੁਚਾਨੀਆਂ ਦੇ ਰਹਿਣ ਵਾਲੇ 25 ਸਾਲਾ ਡਾ: ਅਮੋਲਦੀਪ ਸਿੰਘ ਦੀ ਬਠਿੰਡਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਗੁਰਵਿੰਦਰ ਸਿੰਘ ਦਾ ਭਾਣਜਾ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫਤਾਰ ਹੌਂਡਾ ਸਿਟੀ ਡਿਵਾਈਡਰ ਨਾਲ ਟਕਰਾ ਗਈ। ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਮਾ ਏ.ਡੀ.ਜੀ.ਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਮੋਲਦੀਪ ਸਿੰਘ ਬਹੁਤ ਹੀ ਮਿਲਣਸਾਰ ਅਤੇ ਹੋਣਹਾਰ ਲੜਕਾ ਸੀ। 8 ਸਾਲ ਤੱਕ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਜਨਤਾ ਦੀ ਸੇਵਾ ਲਈ ਕੁਝ ਹੀ ਦਿਨਾਂ ‘ਚ ਮੈਡੀਕਲ ਲਾਈਨ ‘ਚ ਭਰਤੀ ਹੋਣ ਜਾ ਰਹੇ ਸਨ। ਉਸ ਨੇ ਦੱਸਿਆ ਕਿ ਚਾਰੋਂ ਦੋਸਤ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਸਨ। ਜਦੋਂ ਉਹ ਬਠਿੰਡਾ ਮਾਲ ਰੋਡ ’ਤੇ ਪੁੱਜੇ ਤਾਂ ਕਾਰ ਸੜਕ ’ਤੇ ਡਿਵਾਈਡਰ ਨਾਲ ਟਕਰਾ ਗਈ।
ਹਾਦਸੇ ਵਿੱਚ ਅਮੋਲਦੀਪ ਸਿੰਘ ਅਤੇ ਉਸ ਦੇ ਇੱਕ ਦੋਸਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ‘ਚ ਸਵਾਰ ਹੋਰ ਦੋ ਦੋਸਤ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹੌਂਡਾ ਸਿਟੀ ਕਾਰ ਅਮੋਲਦੀਪ ਸਿੰਘ ਦੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਕਾਰਨ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਹੈ। ਏ.ਡੀ.ਜੀ.ਪੀ ਗੁਰਿੰਦਰ ਸਿੰਘ ਢਿੱਲੋਂ ਨੇ ਬਠਿੰਡਾ ਨਗਰ ਨਿਗਮ ਨੂੰ ਮਾਲ ਰੋਡ ’ਤੇ ਡਿਵਾਈਡਰ ਦੀ ਜਲਦੀ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਹੈ।