Punjab

ਪੰਜਾਬੀ ਗਾਇਕਾ ਪੰਮੀ ਹੀ ਨਿਕਲੀ ਚਿੱਟਾ ਸਪਲਾਇਰ, ਸਾਥੀ ਸਣੇ ਗ੍ਰਿਫਤਾਰ

ਮਾਛੀਵਾੜਾ ਸਾਹਿਬ ਦੇ ਕਬਰਿਸਤਾਨ ‘ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸਦੀ ਬਾਂਹ ਉਤੇ ਨਸ਼ੇ ਵਾਲੀ ਸਰਿੰਜ ਲੱਗੀ ਹੋਈ ਸੀ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਾਸੀ ਪਿੰਡ ਮਾਣੇਵਾਲ ਵਜੋਂ ਹੋਈ ਹੈ। ਜਿਸ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ ਵਾਸੀ ਰਹੀਮਾਬਾਦ ਖੁਰਦ ਅਤੇ ਉਸ ਦੇ ਸਾਥੀ ਜਗਦੀਸ਼ ਸਿੰਘ ਦੀਸ਼ਾ ਵਾਸੀ ਲੱਖੋਵਾਲ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਂਚ ਤੋਂ ਪਤਾ ਲੱਗਾ ਕਿ ਗਾਇਕਾ ਪੰਮੀ ਚਿੱਟੇ ਦੀ ਸਮੱਗਲਰ ਹੈ, ਜੋ ਨੌਜਵਾਨਾਂ ਨੂੰ ਚਿੱਟਾ ਸਪਲਾਈ ਕਰਦੀ ਹੈ। ਪੰਮੀ ਤੋਂ ਚਿੱਟਾ ਲੈ ਕੇ ਜਗਦੀਸ਼ ਨੇ ਕੁਲਦੀਪ ਸਿੰਘ ਤੇ ਸਾਥੀਆਂ ਨੂੰ ਦਿੱਤਾ ਸੀ। ਕੁਲਦੀਪ ਸਿੰਘ ਦੇ ਨਾਲ 4-5 ਹੋਰ ਨੌਜਵਾਨ ਵੀ ਚਿੱਟੇ ਦਾ ਟੀਕਾ ਲਾਉਣ ਲਈ ਕਬਰਿਸਤਾਨ ਗਏ ਹੋਏ ਸਨ। ਕੁਲਦੀਪ ਸਿੰਘ ਨੇ ਪਹਿਲਾਂ ਉਥੇ ਟੀਕਾ ਲਾਇਆ ਅਤੇ ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਜ਼ਮੀਨ ‘ਤੇ ਡਿੱਗ ਗਿਆ। ਬਾਕੀ ਉਸ ਨੂੰ ਛੱਡ ਕੇ ਭੱਜ ਗਏ ਅਤੇ ਕੁਲਦੀਪ ਦੀ ਮੌਤ ਹੋ ਗਈ।

ਇਸ ਮਾਮਲੇ ‘ਚ ਕੁਲਦੀਪ ਦੇ ਨਾਲ ਨਸ਼ਾ ਕਰਨ ਗਏ ਨੌਜਵਾਨਾਂ ਦਾ ਵੀ ਨਾਂ ਸਾਹਮਣੇ ਆਇਆ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ। ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਕਾਲ ਡਿਟੇਲ ਤੋਂ ਬਾਅਦ ਪੁਲਿਸ ਨੂੰ ਕੁਝ ਜਾਣਕਾਰੀ ਮਿਲੀ ਹੈ। ਇਸ ਤੋਂ ਬਾਅਦ ਇਹ ਲਿੰਕ ਜੁੜਦਾ ਰਿਹਾ ਅਤੇ ਪਰਦਾਫਾਸ਼ ਹੋ ਗਿਆ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੈਮੀਕਲ ਤੋਂ ਚਿੱਟਾ ਪਾਊਡਰ ਤਿਆਰ ਕੀਤਾ ਜਾ ਰਿਹਾ ਹੈ, ਜੋ ਨੌਜਵਾਨਾਂ ਨੂੰ ਨਸ਼ਾ ਕਰਨ ਲਈ ਦਿੱਤਾ ਜਾਂਦਾ ਹੈ। ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕੈਮੀਕਲ ਨਾਲ ਤਿਆਰ ਪਾਊਡਰ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਕਾਰਨ ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਦੀ ਮੌਤ ਹੋ ਗਈ। ਕੈਮੀਕਲ ਪਾਊਡਰ ਦੀ ਤਸਕਰੀ ਸਬੰਧੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਰਮਜੀਤ ਕੌਰ ਪੰਮੀ ਦੀ ਭੈਣ ਬੇਅੰਤ ਕੌਰ ਦੇ ਘਰ ਵੀ ਟੀਕਾ ਲਾਉਣ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਸੀ। ਮੌਤ ਹੋਣ ‘ਤੇ ਲਾਸ਼ ਨੂੰ ਘਰ ਦੇ ਬਾਹਰ ਸੁੱਟ ਦਿੱਤਾ ਗਿਆ ਸੀ। ਪੁਲਿਸ ਨੇ ਬੇਅੰਤ ਕੌਰ ਨੂੰ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜੋ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ।

Leave a Reply

Your email address will not be published. Required fields are marked *

Back to top button