
ਲੁਧਿਆਣਾ, ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਬੀਤੀ ਰਾਤ ਇਕ ਔਰਤ ਦੀ ਸ਼ਿਕਾਇਤ ’ਤੇ 5 ਮੁਲਜ਼ਮਾਂ ਖ਼ਿਲਾਫ਼ ਸਾਜ਼ਿਸ਼ ਤਹਿਤ ਬਲੈਕਮੇਲ ਕਰਕੇ ਸੋਨੇ ਦੇ ਗਹਿਣੇ, ਡਾਇਮੰਡ ਤੇ ਨਕਦੀ ਹੜੱਪਣ ਦਾ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪੀੜਤ ਔਰਤ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ 10 ਸਤੰਬਰ ਨੂੰ ਉਹ ਆਪਣੇ ਘਰ ਦੀ ਅਲਮਾਰੀ ’ਚ ਕੱਪੜੇ ਰੱਖ ਰਹੀ ਸੀ ਤਾਂ ਦੇਖਿਆ ਕਿ ਅਲਮਾਰੀ ’ਚੋਂ ਉਸ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸਨ।
ਇਸ ਤੋਂ ਬਾਅਦ ਉਸ ਨੇ ਆਪਣੀ 17 ਸਾਲ ਦੀ ਧੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿੰਡ ਭੱਟੀਆਂ ਬੇਟ ਦੇ ਰਹਿਣ ਵਾਲੇ ਲਵਲੀ ਪੁੱਤਰ ਵੀਰਪਾਲ ਅਤੇ ਚਿੱਟੀ ਕਾਲੋਨੀ ਦੇ ਸਹਿਵਾਗ ਠਾਕੁਰ ਉਰਫ ਰੋਹਿਤ ਪੁੱਤਰ ਰਜਿੰਦਰ ਕੁਮਾਰ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਸੀ। ਫਿਰ ਦੋਵੇਂ ਨੌਜਵਾਨਾਂ ਨੇ ਉਸ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਤੂੰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਉਹ ਅਸ਼ਲੀਲ ਵੀਡੀਓ ਵਾਇਰਲ ਕਰ ਦੇਣਗੇ।
ਇਸ ਵੀਡੀਓ ਨੂੰ ਲੈ ਕੇ ਮੁਲਜ਼ਮਾਂ ਨੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿਚ ਲਵਲੀ, ਸਹਿਵਾਗ, ਨਵਜੋਤ ਕੌਰ ਪੁੱਤਰੀ ਸਰਬਜੀਤ ਕੌਰ ਤੇ ਹਰਿੰਦਰ ਸਿੰਘ ਨੇ ਡਰਾ-ਧਮਕਾ ਕੇ ਉਸ ਦੀ ਧੀ ਤੋਂ ਸੋਨੇ ਦੇ ਸਾਢੇ 13 ਤੋਲੇ ਗਹਿਣੇ, ਮੁੰਦਰੀ ਅਤੇ 2 ਲੱਖ ਰੁਪਏ ਦੀ ਰਕਮ ਲੈ ਲਈ।








