ਪੰਜਾਬ ਵਜ਼ਾਰਤ ਦੇ ਦੋ ਮੰਤਰੀਆਂ ਖ਼ਿਲਾਫ ਚੰਡੀਗੜ੍ਹ ‘ਚ FIR ਦਰਜ
FIR registered in Chandigarh against two Punjab cabinet ministers


FIR registered in Chandigarh against two Punjab cabinet ministers

ਪੰਜਾਬ ਵਜ਼ਾਰਤ ਦੇ ਦੋ ਮੰਤਰੀਆਂ ਅਮਨ ਅਰੋੜਾ ਅਤੇ ਮੌਜੂਦਾ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰਾਂ ਆ ਰਹੀਆਂ ਹਨ। ਦਰਅਸਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਕੋਲ ਦੋਵਾਂ ਮੰਤਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਤਾਪ ਬਾਜਵਾ ਨੇ ਇਲਜ਼ਾਮ ਲਾਏ ਨੇ ਕਿ ਉਨ੍ਹਾਂ ਦੀਆਂ ਵੀਡੀਓ ਫੁਟੇਜਾਂ ਨੂੰ ਇਨ੍ਹਾਂ ਮੰਤਰੀਆਂ ਵੱਲੋਂ ਛੇੜਛਾੜ ਕਰਕੇ ਸੋਸ਼ਲ ਮੀਡੀਆ ਉੱਤੇ ਪੇਸ਼ ਕੀਤਾ ਗਿਆ ਹੈ।
ਪ੍ਰਤਾਪ ਬਾਜਵਾ ਨੇ ਮਾਮਲੇ ਉੱਤੇ ਬੋਲਦਿਆਂ ਕਿਹਾ ਕਿ,’ ‘ਆਪ’ ਕੋਲ ਝੂਠ ਬੋਲਣ, ਜਾਅਲਸਾਜ਼ੀ ਕਰਨ ਅਤੇ ਵੀਡੀਓ ਬਣਾਉਣ ਵਿੱਚ ਪੀਐਚਡੀ ਹੈ। ਮੈਂ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਅੱਜ ਉਨ੍ਹਾਂ ਨੇ ਪੰਜਾਬ ‘ਆਪ’ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਅਤੇ ਉਨ੍ਹਾਂ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਬੀਐਨਐਸ ਦੀ ਧਾਰਾ 336(4), 356, ਅਤੇ 61/2 ਤਹਿਤ ਕੇਸ ਦਰਜ ਕੀਤਾ ਹੈ। ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁੱਧ ਜਾਂਚ ਚੱਲ ਰਹੀ ਹੈ, ਅਸੀਂ ਭਗਵੰਤ ਮਾਨ ਵਿਰੁੱਧ ਰਿਕਾਰਡ ਜਮ੍ਹਾਂ ਕਰਵਾ ਦਿੱਤੇ ਹਨ ਅਤੇ ਮੈਨੂੰ ਉਮੀਦ ਹੈ ਕਿ ਜਿਵੇਂ ਇਨ੍ਹਾਂ ਦੋਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਸੇ ਤਰ੍ਹਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਿਰੁੱਧ ਵੀ ਕੇਸ ਦਰਜ ਕੀਤਾ ਜਾਵੇਗਾ’
ਬਾਜਵਾ ਨੇ ਸ਼ਿਕਾਇਤ ‘ਚ ਕੀ ਲਾਇਆ ਇਲਜ਼ਾਮ
ਪ੍ਰਤਾਪ ਸਿੰਘ ਬਾਜਵਾ ਨੇ 7 ਜੁਲਾਈ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਬਾਜਵਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਵਿਧਾਇਕ ਗਨੀਵ ਕੌਰ ਮਜੀਠੀਆ ਦੀ ਸਰਕਾਰੀ ਰਿਹਾਇਸ਼ ‘ਤੇ ਵਿਜੀਲੈਂਸ ਵੱਲੋਂ ਮਾਰੇ ਗਏ ਛਾਪੇ ਸਬੰਧੀ ਬਿਆਨ ਦਿੱਤਾ ਸੀ। ਉਕਤ ‘ਆਪ’ ਆਗੂਆਂ ਨੇ ਗਨੀਵ ਕੌਰ ਦਾ ਨਾਮ ਐਡਿਟ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਉਕਤ ਆਗੂਆਂ ਨੇ ਗਨੀਵ ਕੌਰ ਦਾ ਨਾਮ ਐਡਿਟ ਕੀਤਾ ਸੀ ਅਤੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਸੀ ਜਿਵੇਂ ਮੈਂ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਹੋਵੇ।
ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਅਮਨ ਅਰੋੜਾ ਅਤੇ ਹਰਪਾਲ ਚੀਮਾ ਨੇ ਇਸਨੂੰ ਆਪਣੇ ਐਕਸ-ਅਕਾਊਂਟ ‘ਤੇ ਪੋਸਟ ਕੀਤਾ ਸੀ। ਜਦੋਂ ਕਿ ਮੇਰੇ ਵੱਲੋਂ 25 ਜੂਨ ਨੂੰ ਬਣਾਈ ਗਈ ਵੀਡੀਓ 3.13 ਮਿੰਟ ਦੀ ਹੈ, ਜੋ ਕਿ ਮੇਰੇ ਐਕਸ-ਅਕਾਊਂਟ ‘ਤੇ ਹੈ। ਜਿਸ ਵਿੱਚ ਮੈਂ ਗਨੀਵ ਕੌਰ ਦੀ ਸਰਕਾਰੀ ਰਿਹਾਇਸ਼ ‘ਤੇ ਛਾਪੇਮਾਰੀ ਦੇ ਤਰੀਕੇ ‘ਤੇ ਸਵਾਲ ਉਠਾਏ ਸਨ। ਇਸ ਲਈ ਉਕਤ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ।
ਬਾਜਵਾ ਨੇ ਇਲਜ਼ਾਮ ਲਗਾਇਆ ਕਿ ਇਹ ਸਭ ਉਨ੍ਹਾਂ ਦੀ ਰਾਜਨੀਤਿਕ ਛਵੀ ਅਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੀਡੀਓ ਨੂੰ ਇਸ ਤਰੀਕੇ ਨਾਲ ਐਡਿਟ ਅਤੇ ਪ੍ਰਸਾਰਿਤ ਕੀਤਾ ਗਿਆ ਹੈ ਤਾਂ ਜੋ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਵੀਡੀਓ ਦੀ ਅਸਲ ਕਾਪੀ ਅਤੇ ਛੇੜਛਾੜ ਕੀਤੀ ਗਈ ਵੀਡੀਓ ਦੀ ਕਾਪੀ ਸ਼ਿਕਾਇਤ ਦੇ ਨਾਲ ਇੱਕ ਪੈੱਨ ਡਰਾਈਵ ਵਿੱਚ ਨੱਥੀ ਕੀਤੀ ਹੈ। ਚੰਡੀਗੜ੍ਹ ਸਾਈਬਰ ਸੈੱਲ ਨੇ ਬਾਜਵਾ ਦੀ ਸ਼ਿਕਾਇਤ ‘ਤੇ ਅਮਨ ਅਰੋੜਾ ਅਤੇ ਹਰਪਾਲ ਚੀਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮੈਂ ਉਨ੍ਹਾਂ ਚੈਨਲਾਂ ਅਤੇ ਆਮ ਲੋਕਾਂ ਨੂੰ ਵੀ ਨਹੀਂ ਬਖ਼ਸ਼ਾਂਗੇ ਜਿਨ੍ਹਾਂ ਨੇ ਸਾਡੀਆਂ ਵੀਡੀਓ ਫੁਟੇਜਾਂ ਨੂੰ ਛੇੜਛਾੜ ਕਰਕੇ ਸੋਸ਼ਲ ਮੀਡੀਆ ਉੱਤੇ ਚਲਾਇਆ ਹੈ।-ਪ੍ਰਤਾਪ ਬਾਜਵਾ,ਆਗੂ ਵਿਰੋਧੀ ਧਿਰ
