ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਵਾਦਾ ‘ਚ ਘਿਰ ਗਏ ਹਨ। ਇੱਕ ਔਰਤ ਵੱਲੋਂ ਥਾਣਾ ਜੀਰਕਪੁਰ ਵਿਖੇ ਵਿਧਾਇਕ ਪਠਾਨਮਾਜਰਾ ਵਿਰੁੱਧ ਧਮਕੀਆਂ ਦੇਣ ਸਬੰਧੀ ਸ਼ਿਕਾਇਤ ਦਰਜ਼ ਕਰਵਾਈ ਗਈ ਹੈ, ਜੋ ਕਿ ਪਠਾਨਮਾਜਰਾ ਦੀ ਦੂਜੀ ਪਤਨੀ ਹੋਣ ਦਾ ਦਾਅਵਾ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਨਾਮ ਦੀ ਔਰਤ ਜੋਂ ਕਿ ਆਪਣੇ ਆਪ ਨੂੰ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਹੋਣ ਦਾ ਦਾਅਵਾ ਕਰ ਰਹੀ ਹੈ, ਵੱਲੋਂ ਥਾਣਾ ਜੀਰਕਪੁਰ ਵਿਖੇ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਉਸ ਦੇ ਪਤੀ ਵਿਧਾਇਕ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਉਸ ਦਾ ਕਹਿਣਾ ਹੈ ਕਿ ਇੱਕ ਸਾਲ ਪਹਿਲਾਂ ਉਸ ਦਾ ਵਿਧਾਇਕ ਪਠਾਨਮਾਜਰਾ ਨਾਲ ਦੂਜਾ ਵਿਆਹ ਹੋਇਆ ਸੀ। ਉਸ ਔਰਤ ਨੇ ਮੀਡੀਆ ਅੱਗੇ ਦਾਅਵਾ ਕੀਤਾ ਹੈ ਕਿ ਪਠਾਨਮਾਜਰਾ ਨੇ ਕਿਹਾ ਸੀ ਕਿ ਉਸ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਦੇ ਪੇਪਰਾਂ ‘ਤੇ ਦਸਖਤ ਕਰਵਾ ਲਏ ਹਨ। ਉਸ ਨੇ ਵਿਧਾਨ ਸਭਾ ਚੋਣਾਂ ਵਿੱਚ ਵੀ ਉਸ ਦਾ ਸਾਥ ਦਿੱਤਾ ਹੈ ਅਤੇ ਕੰਪੇਨ ਵਿੱਚ ਪੈਸੇ ਦਾ ਲੈਣ-ਦੇਣ ਉਸ ਦੇ ਹੱਥ ਵਿੱਚ ਸੀ। ਹੁਣ ਜਿੱਤਣ ਤੋਂ ਬਾਅਦ ਪਾਵਰ ਆਉਣ ‘ਤੇ ਉਸ ਤੋਂ ਖਹਿੜਾ ਛੁਡਵਾਉਣਾ ਚਾਹੁੰਦਾ ਹੈ ਅਤੇ ਉਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਕਤ ਔਰਤ ਨਾਲ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋ ਗਈਆਂ ਹਨ। ਇੱਧਰ ਇੱਕ ਐਮਐਮਐਸ ਵੀ ਵਾਇਰਲ ਹੋ ਰਿਹਾ ਹੈ, ਜੋ ਕਿ ਵਿਧਾਇਕ ਪਠਾਨਮਾਜਰਾ ਦਾ ਦੱਸਿਆ ਜਾ ਰਿਹਾ ਹੈ। ਉਧਰ ਹਰਮੀਤ ਸਿੰਘ ਪਠਾਨਮਾਜਰਾ ਦੇ ਹੱਕ ਵਿੱਚ ਖੜ੍ਹਦਿਆਂ ਇਸ ਨੂੰ ਵਿਰੋਧੀ ਧਿਰਾਂ ਦੀ ਸਾਜਿਸ਼ ਗਰਦਾਨਿਆ ਜਾ ਰਿਹਾ ਹੈ।
ਇੱਧਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਕਹਿਣਾ ਹੈ ਕਿ ਉਕਤ ਔਰਤ ਵਿਰੋਧੀਆਂ ਦੇ ਹੱਥਾਂ ‘ਤੇ ਚੜ੍ਹ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਵਿਰੋਧੀਆਂ ਨੂੰ ਆਪਣੀ ਹਾਰ ਹਜਮ ਨਹੀਂ ਹੋ ਰਹੀ, ਉਨ੍ਹਾਂ ਗੁਰਪ੍ਰੀਤ ਕੌਰ ‘ਤੇ ਦੋਸ਼ ਲਾਇਆ ਕਿ ਉਹ ਉਸ ਨੂੰ ਬਲੈਕਮੈਲ ਕਰ ਰਹੀ ਹੈ।